ਹੈਰਾਨੀਜਨਕ: 7 ਘੰਟਿਆਂ ’ਚ 101 ਔਰਤਾਂ ਦੀ ਕਰ ਦਿੱਤੀ ਨਸਬੰਦੀ, ਜਾਂਚ ਦੇ ਹੁਕਮ

Saturday, Sep 04, 2021 - 05:28 PM (IST)

ਹੈਰਾਨੀਜਨਕ: 7 ਘੰਟਿਆਂ ’ਚ 101 ਔਰਤਾਂ ਦੀ ਕਰ ਦਿੱਤੀ ਨਸਬੰਦੀ, ਜਾਂਚ ਦੇ ਹੁਕਮ

ਰਾਏਪੁਰ (ਭਾਸ਼ਾ)— ਛੱਤੀਸਗੜ੍ਹ ਦੇ ਸਰਗੁਜਾ ਜ਼ਿਲ੍ਹੇ ਵਿਚ 7 ਘੰਟਿਆਂ ਦੌਰਾਨ 101 ਔਰਤਾਂ ਦੀ ਨਸਬੰਦੀ ਕਰਨ ਦੇ ਮਾਮਲੇ ਵਿਚ ਸਿਹਤ ਵਿਭਾਗ ਨੇ ਜਾਂਚ ਦੇ ਆਦੇਸ਼ ਦਿੱਤੇ ਹਨ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਨਰਮਦਾਪੁਰ ਪਿੰਡ ਸਥਿਤ ਸਿਹਤ ਕੇਂਦਰ ’ਚ 27 ਅਗਸਤ ਨੂੰ ਕਥਿਤ ਰੂਪ ਨਾਲ 7 ਘੰਟਿਆਂ ਵਿਚ 101 ਔਰਤਾਂ ਦੀ ਨਸਬੰਦੀ ਕੀਤੀ ਗਈ ਸੀ। ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਸਿਹਤ ਵਿਭਾਗ ਨੇ ਜਾਂਚ ਦੇ ਹੁਕਮ ਦਿੱਤੇ ਹਨ। ਓਧਰ ਸੂਬੇ ਦੇ ਸਿਹਤ ਵਿਭਾਗ ਦੇ ਮੁੱਖ ਸਕੱਤਰ ਡਾ. ਆਲੋਕ ਸ਼ੁੱਕਲਾ ਨੇ ਦੱਸਿਆ ਕਿ ਨਸਬੰਦੀ ਕੈਂਪ ਵਿਚ ਅਨਿਯਮਿਤਤਾ ਦੀ ਸੂਚਨਾ ਤੋਂ ਬਾਅਦ ਸਿਹਤ ਵਿਭਾਗ ਨੇ ਇਸ ਸਬੰਧ ਵਿਚ ਜਾਂਚ ਦੇ ਆਦੇਸ਼ ਦਿੱਤੇ ਹਨ। ਜਾਂਚ ਮਗਰੋਂ ਇਸ ਸਬੰਧ ਵਿਚ ਉੱਚਿਤ ਕਾਰਵਾਈ ਕੀਤੀ ਜਾਵੇਗੀ।

ਸ਼ੁੱਕਲਾ ਨੇ ਦੱਸਿਆ ਕਿ ਨਸਬੰਦੀ ਕੈਂਪ ਵਿਚ ਇਕ ਹੀ ਦਿਨ ’ਚ 101 ਔਰਤਾਂ ਦੀ ਨਸਬੰਦੀ ਹੋਣ ਦੀ ਜਾਣਕਾਰੀ ਮਿਲੀ ਹੈ। ਹਾਲਾਂਕਿ ਇਹ ਵੀ ਜਾਣਕਾਰੀ ਮਿਲੀ ਹੈ ਕਿ ਔਰਤਾਂ ਦੀ ਸਥਿਤੀ ਆਮ ਹੈ। ਅਧਿਕਾਰੀ ਨੇ ਦੱਸਿਆ ਕਿ ਸ਼ਾਸਨ ਦੇ ਨਿਰਦੇਸ਼ਾਂ ਤਹਿਤ ਕੈਂਪ ਵਿਚ ਇਕ ਦਿਨ ਵਿਚ ਇਕ ਡਾਕਟਰ ਵੱਧ ਤੋਂ ਵੱਧ 30 ਔਰਤਾਂ ਦੀ ਨਸਬੰਦੀ ਕਰ ਸਕਦਾ ਹੈ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਸ ਸਥਿਤੀ ’ਚ ਉੱਥੇ ਮੌਜੂਦ ਅਧਿਕਾਰੀਆਂ ਨੇ ਸ਼ਾਸਨ ਦੇ ਦਿਸ਼ਾ-ਨਿਰਦੇਸ਼ਾਂ ਦਾ ਉਲੰਘਣ ਕੀਤਾ ਹੈ। 

ਜ਼ਿਕਰਯੋਗ ਹੈ ਕਿ ਸਰਗੁਜਾ ਖੇਤਰ ਦੇ ਸਥਾਨਕ ਅਖ਼ਬਾਰ ਵਿਚ ਨਸਬੰਦੀ ਕੈਂਪ ’ਚ ਅਨਿਯਮਿਤਤਾ ਦੀ ਖ਼ਬਰ ਛਪਣ ਤੋਂ ਬਾਅਦ ਜ਼ਿਲ੍ਹੇ ਦੇ ਮੁੱਖ ਸਿਹਤ ਅਤੇ ਡਾਕਟਰ ਅਧਿਕਾਰੀ ਪੀ. ਐੱਸ. ਸਿਸੋਦੀਆ ਨੇ 29 ਅਗਸਤ ਨੂੰ ਨਸਬੰਦੀ ਕਰਨ ਵਾਲੇ ਡਾਕਟਰ ਜਿਬਨੂਸ ਏਕਾ ਅਤੇ ਡਿਵੀਜ਼ਨ ਮੈਡੀਕਲ ਅਧਿਕਾਰੀ ਆਰ. ਐੱਸ. ਸਿੰਘ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ। ਅਧਿਕਾਰੀ ਨੇ ਇਸ ਮਾਮਲੇ ਦੀ ਜਾਂਚ ਲਈ 3 ਮੈਂਬਰਾਂ ਦੀ ਕਮੇਟੀ ਵੀ ਬਣਾਈ ਹੈ। ਦੱਸਣਯੋਗ ਹੈ ਕਿ ਛੱਤੀਸਗੜ੍ਹ ਦੇ ਬਿਲਾਸਪੁਰ ’ਚ ਨਵੰਬਰ 2014 ’ਚ ਆਯੋਜਿਤ ਇਕ ਨਸਬੰਦੀ ਕੈਂਪ ਵਿਚ ਇਕ ਦਿਨ ਵਿਚ 83 ਔਰਤਾਂ ਦੀ ਨਸਬੰਦੀ ਕਰ ਦਿੱਤੀ ਗਈ ਸੀ। ਬਾਅਦ ਵਿਚ ਸਿਹਤ ਵਿਗੜਨ ਕਾਰਨ ਇਨ੍ਹਾਂ ’ਚੋਂ 13 ਔਰਤਾਂ ਦੀ ਮੌਤ ਹੋ ਗਈ ਸੀ।


author

Tanu

Content Editor

Related News