ਛੱਤੀਸਗੜ੍ਹ : ਨਕਸਲੀਆਂ ਨੇ ਰੇਲਵੇ ਕੰਮ 'ਚ ਲੱਗੇ ਪੈਟਰੋਲ ਟੈਂਕਰ ਨੂੰ ਉੱਡਾਇਆ, 3 ਦੀ ਮੌਤ
Tuesday, Sep 24, 2019 - 01:10 PM (IST)

ਕਾਂਕੇਰ— ਛੱਤੀਸਗੜ੍ਹ 'ਚ ਨਕਸਲੀ ਹਮਲੇ 'ਚ ਤਿੰਨ ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਨਕਸਲੀਆਂ ਨੇ ਇਸ ਵਾਰ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਹੈ। ਕਾਂਕੇਰ ਜ਼ਿਲੇ 'ਚ ਮਾਓਵਾਦੀਆਂ ਨੇ ਇਕ ਪੈਟਰੋਲ ਟੈਂਕਰ ਨੂੰ ਉੱਡਾ ਦਿੱਤਾ। ਨਕਸਲੀ ਹਮਲੇ ਦੀ ਇਸ ਵਾਰਦਾਤ ਤੋਂ ਬਾਅਦ ਇਲਾਕੇ 'ਚ ਸੁਰੱਖਿਆ ਫੋਰਸਾਂ ਅਤੇ ਨਕਸਲੀਆਂ ਦਰਮਿਆਨ ਮੁਕਾਬਲਾ ਚੱਲ ਰਿਹਾ ਹੈ। ਮੰਗਲਵਾਰ ਨੂੰ ਕਾਂਕੇਰ ਦੇ ਤਾੜੋਕੀ ਥਾਣਾ ਇਲਾਕੇ 'ਚ ਨਕਸਲੀਆਂ ਨੇ ਇਕ ਪੈਟਰੋਲ ਟੈਂਕਰ ਨੂੰ ਧਮਾਕਾ ਕਰ ਕੇ ਉੱਡਾ ਦਿੱਤਾ। ਇਸ ਹਮਲੇ 'ਚ ਟੈਂਕਰ 'ਤੇ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਪੈਟਰੋਲ ਟੈਂਕਰ ਰੇਲਵੇ ਟਰੈਕ ਨਿਰਮਾਣ ਦੇ ਕੰਮ 'ਚ ਲਗਾਇਆ ਗਿਆ ਸੀ। ਨਕਸਲੀ ਇੱਥੇ ਵਿਕਾਸ ਕੰਮ ਦਾ ਵਿਰੋਧ ਕਰ ਰਹੇ ਹਨ। ਨਕਸਲੀਆਂ ਨੇ ਆਈ.ਈ.ਡੀ. ਧਮਾਕੇ ਰਾਹੀਂ ਇਸ ਹਮਲੇ ਨੂੰ ਅੰਜਾਮ ਦਿੱਤਾ। ਉੱਥੇ ਹੀ ਧਮਾਕੇ ਤੋਂ ਬਾਅਦ ਨਕਸਲੀਆਂ ਅਤੇ ਸੁਰੱਖਿਆ ਫੋਰਸਾਂ ਦਰਮਿਆਨ ਐਨਕਾਊਂਟਰ ਚੱਲ ਰਿਹਾ ਹੈ। ਦੋਹਾਂ ਪਾਸਿਓਂ ਫਾਇਰਿੰਗ ਕੀਤੀ ਜਾ ਰਹੀ ਹੈ। ਹਾਲੇ ਨਕਸਲੀਆਂ ਨੂੰ ਕਿੰਨਾ ਨੁਕਸਾਨ ਪਹੁੰਚਿਆ, ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕਦੀ ਹੈ।
ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਬਸਤਰ ਇਲਾਕੇ 'ਚ ਨਕਸਲ ਵਿਰੋਧੀ ਮੁਹਿੰਮ ਤੇਜ਼ ਹੋ ਗਈ ਹੈ। ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਦੀ ਘਟਨਾ ਨੂੰ ਉਨ੍ਹਾਂ ਦੀ ਹਤਾਸ਼ਾ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ। 15 ਸਤੰਬਰ ਨੂੰ ਸੁਕਮਾ ਜ਼ਿਲੇ 'ਚ ਸੁਰੱਖਿਆ ਫੋਰਸਾਂ ਨੇ ਮੁਕਾਬਲੇ 'ਚ 3 ਨਕਸਲੀਆਂ ਨੂੰ ਮਾਰ ਸੁੱਟਿਆ ਸੀ। ਇਸ ਦੇ ਇਕ ਦਿਨ ਪਹਿਲਾਂ ਹੀ ਬਸਤਰ ਖੇਤਰ 'ਚ ਤਿੰਨ ਹੋਰ ਨਕਸਲੀਆਂ ਨੂੰ ਮਾਰ ਦਿੱਤਾ ਗਿਆ ਸੀ। ਸੁਕਮਾ ਜ਼ਿਲੇ ਦੇ ਪੁਲਸ ਅਧਿਕਾਰੀਆਂ ਅਨੁਸਾਰ ਤਾੜਮੇਟਲਾ ਪਿੰਡ ਦੇ ਕਰੀਬ ਮੁਕਰਮ ਨਾਲਾ ਕੋਲ ਤਿੰਨ ਨਕਸਲੀਆਂ ਨੂੰ ਢੇਰ ਕਰ ਦਿੱਤਾ ਗਿਆ। ਸੁਰੱਖਿਆ ਫੋਰਸਾਂ ਨੇ ਦੰਤੇਵਾੜਾ ਜ਼ਿਲੇ 'ਚ 2 ਅਤੇ ਬਾਜੀਪੁਰ ਜ਼ਿਲੇ 'ਚ ਇਕ ਨਕਸਲੀ ਨੂੰ ਮਾਰ ਦਿੱਤਾ ਸੀ।