ਪਿੰਡ ਤੱਕ ਨਹੀਂ ਪਹੁੰਚ ਸਕਦੀ ਸੀ ਐਂਬੂਲੈਂਸ, ਗਰਭਵਤੀ ਜਨਾਨੀ ਨੂੰ ਇਸ ਤਰ੍ਹਾਂ ਲੈ ਕੇ ਗਏ ਸਿਹਤ ਕਾਮੇ
Wednesday, Jul 08, 2020 - 05:04 PM (IST)
ਕੌਂਡਾਗਾਓਂ— ਸਾਡੇ ਦੇਸ਼ 'ਚ ਅੱਜ ਵੀ ਅਜਿਹੇ ਕਈ ਸ਼ਹਿਰ ਹਨ, ਜਿਨ੍ਹਾਂ 'ਚ ਵੱਸਦੇ ਪਿੰਡ ਮੁੱਖ ਸਹੂਲਤਾਂ ਤੋਂ ਵਾਂਝੇ ਹਨ। ਛੱਤੀਸਗੜ੍ਹ ਉਨ੍ਹਾਂ ਵਿਚੋਂ ਇਕ ਹੈ, ਜਿੱਥੋਂ ਦੇ ਕਈ ਪਿੰਡ ਅੱਜ ਵੀ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ। ਹਾਲਾਤ ਇਹ ਬਣੇ ਹੋਏ ਹਨ ਕਿ ਪਿੰਡਾਂ ਤੱਕ ਪਹੁੰਚ ਕਰਨ ਲਈ ਸੜਕਾਂ ਹੀ ਨਹੀਂ ਹਨ। ਛੱਤੀਸਗੜ੍ਹ ਦੇ ਕੌਂਡਾਗਾਓਂ ਇਕ ਅਜਿਹਾ ਪਿੰਡ ਹੈ, ਜਿੱਥੇ ਗਰਭਵਤੀ ਜਨਾਨੀ ਨੂੰ ਇਕ ਵੱਡੀ ਜਿਹੀ ਟੋਕਰੀ 'ਚ ਬਿਠਾ ਕੇ ਮੋਢਿਆਂ 'ਤੇ ਚੁੱਕੀ ਸਿਹਤ ਕਾਮੇ 3 ਕਿਲੋਮੀਟਰ ਦੂਰ ਹਸਪਤਾਲ ਲੈ ਗਏ। ਸੜਕ ਨਾ ਹੋਣ ਕਰ ਕੇ ਐਂਬੂਲੈਂਸ ਨਹੀਂ ਪਹੁੰਚ ਸਕਦੀ ਸੀ। ਇਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਹਸਪਤਾਲ ਵਿਚ ਜਨਾਨੀ ਨੇ ਇਕ ਬੱਚੀ ਨੂੰ ਜਨਮ ਦਿੱਤਾ ਹੈ। ਸਿਹਤ ਕਾਮਿਆਂ ਦੇ ਇਸ ਹੌਂਸਲੇ ਨੂੰ ਲੋਕ ਸਲਾਮ ਕਰ ਰਹੇ ਹਨ।
#WATCH Chhattisgarh: Health care workers in Kondagaon's Mohanbeda village yesterday carried a pregnant woman on a makeshift basket, to take her to hospital for delivery. Ambulance could not reach her village due to absence of road, so they carried her to hospital in the basket pic.twitter.com/di7poWoYhf
— ANI (@ANI) July 8, 2020
ਸੜਕ ਨਾ ਹੋਣ ਦੀ ਵਜ੍ਹਾ ਕਰ ਕੇ ਇਸ ਪਿੰਡ 'ਚ ਕੋਈ ਗੱਡੀ ਨਹੀਂ ਪਹੁੰਚ ਸਕਦੀ ਹੈ। ਪਿੰਡ ਦੇ ਲੋਕ ਪੈਦਲ ਹੀ ਜਾਂਦੇ ਹਨ। ਜੇਕਰ ਕਿਸੇ ਦੀ ਸਿਹਤ ਵਿਗੜਦੀ ਹੈ ਤਾਂ ਪਰਮਾਤਮਾ ਹੀ ਸਹਾਰਾ ਹੁੰਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਗਰਭਵਤੀ ਜਨਾਨੀ ਨੂੰ ਜਣੇਪੇ ਦੀਆਂ ਦਰਦਾਂ ਸ਼ੁਰੂ ਹੋਣ ਮਗਰੋਂ ਉਸ ਦੇ ਪਤੀ ਨੇ ਮਹਤਾਰੀ ਐਕਸਪ੍ਰੈੱਸ ਨੂੰ ਫੋਨ ਕੀਤਾ। ਫੋਨ ਕਾਲ ਮਗਰੋਂ ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ (ਈ. ਐੱਮ. ਟੀ.) ਅਤੇ ਪਾਇਲਟ ਮੋਹਨਬੇੜਾ ਪਿੰਡ ਲਈ ਰਵਾਨਾ ਹੋ ਗਏ।
ਇੱਥੇ ਪਹੁੰਚਣ ਮਗਰੋਂ ਰਾਹ ਇੰਨਾ ਖਰਾਬ ਸੀ ਕਿ ਪਿੰਡ ਤੱਕ ਜਾਣਾ ਮੁਮਕਿਨ ਨਹੀਂ ਸੀ। ਉਸ ਤੋਂ ਬਾਅਦ ਸਿਹਤ ਕਾਮੇ ਪੈਦਲ ਹੀ ਪਿੰਡ ਪਹੁੰਚ ਗਏ। ਉੱਥੋਂ ਪਿੰਡ ਵਾਸੀਆਂ ਦੀ ਮਦਦ ਨਾਲ ਸਿਹਤ ਕਾਮਿਆਂ ਨੇ ਟੋਕਰੀ ਅਤੇ ਰੱਸਦੀਆਂ ਦੀ ਮਦਦ ਨਾਲ ਡੋਲਾ ਬਣਾਇਆ ਅਤੇ ਮੋਢਿਆਂ 'ਤੇ ਟੰਗ ਲਿਆ। ਇਸੇ ਟੋਕਰੀ 'ਚ ਵੀ ਗਰਭਵਤੀ ਜਨਾਨੀ ਨੂੰ ਬਿਠਾਇਆ ਗਿਆ। ਤਕਰੀਬਨ 3 ਕਿਲੋਮੀਟਰ ਦੀ ਦੂਰੀ ਸਿਹਤ ਕਾਮਿਆਂ ਨੇ ਪੈਦਲ ਹੀ ਤੈਅ ਕੀਤੀ। ਸਰਕਾਰੀ ਹਸਪਤਾਲ ਵਿਚ ਡਿਲਿਵਰੀ ਕਰਵਾਈ, ਜਿੱਥੇ ਜਨਾਨੀ ਨੇ ਇਕ ਬੱਚੀ ਨੂੰ ਜਨਮ ਦਿੱਤਾ। ਦੋਵੇਂ ਸਿਹਤਮੰਦ ਹਨ।