ਇਹ ਲੜਕਾ ਹੈ ਸ਼ਤਰੰਜ ਦੀ ਦੁਨੀਆ ਦਾ ਬਾਦਸ਼ਾਹ, ਹੁਨਰ ਨੇ ਦੁਨੀਆ ਨੂੰ ਕੀਤਾ ਹੈਰਾਨ

Monday, Jan 06, 2020 - 01:42 PM (IST)

ਇਹ ਲੜਕਾ ਹੈ ਸ਼ਤਰੰਜ ਦੀ ਦੁਨੀਆ ਦਾ ਬਾਦਸ਼ਾਹ, ਹੁਨਰ ਨੇ ਦੁਨੀਆ ਨੂੰ ਕੀਤਾ ਹੈਰਾਨ

ਜੈਪੁਰ— ਕਹਿੰਦੇ ਨੇ ਜੇਕਰ ਰੱਬ ਨੇ ਕਿਸੇ ਇਨਸਾਨ ਨੂੰ ਸਰੀਰ ਪੱਖੋਂ ਅਸਮਰੱਥ ਬਣਾਇਆ ਹੈ ਤਾਂ ਉਸ 'ਚ ਕੁਝ ਨਾ ਕੁਝ ਖਾਸ ਜ਼ਰੂਰ ਹੁੰਦਾ ਹੈ। ਤੇਜ਼ ਦਿਮਾਗ, ਕੁਝ ਵੱਖਰਾ ਕਰਨ ਦਾ ਹੁਨਰ ਸਦਕਾ ਉਹ ਇਨਸਾਨ ਹਰ ਕਿਸੇ ਨੂੰ ਹੈਰਾਨ ਕਰ ਦਿੰਦਾ ਹੈ। ਕੁਝ ਅਜਿਹੀ ਹੀ ਕਹਾਣੀ ਹੈ ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਹਿਰਦੇਸ਼ਵਰ ਸਿੰਘ ਭਾਟੀ ਦੀ, ਜਿਸ ਦੀ ਉਮਰ ਮਹਿਜ 17 ਸਾਲ ਦੀ ਹੈ। ਹਿਰਦੇਸ਼ਵਰ ਦਾ 85 ਫੀਸਦੀ ਸਰੀਰ ਮੋਟਰ ਨਿਊਰੌਨ ਸਿੰਡਰੋਮ ਕਾਰਨ ਦਿਵਯਾਂਗ (ਅਪਾਹਜ) ਹੈ ਪਰ ਉਸ ਦਾ ਦਿਮਾਗ ਵਿਗਿਆਨਕ ਹੈ, ਜਿਸ ਕਾਰਨ ਵੱਡੇ-ਵੱਡੇ ਵੀ ਮਾਤ ਖਾ ਜਾਂਦੇ ਹਨ। ਲੋਕ ਉਸ ਨੂੰ ਛੋਟਾ ਸਟੀਫਨ ਹਾਕਿੰਗਸ ਆਖਦੇ ਹਨ। ਗੰਭੀਰ ਬੀਮਾਰੀ ਕਾਰਨ ਉਸ ਦੀਆਂ ਉਂਗਲਾਂ ਕੰਬਦੀਆਂ ਹਨ ਪਰ ਫਿਰ ਵੀ ਉਸ ਨੇ ਆਪਣੇ ਹੁਨਰ ਸਦਕਾ ਦੁਨੀਆ ਨੂੰ ਹੈਰਾਨੀ 'ਚ ਪਾ ਦਿੱਤਾ ਹੈ। 

ਹਿਰਦੇਸ਼ਵਰ ਨੇ ਮਹਿਜ 9 ਸਾਲ ਦੀ ਉਮਰ ਵਿਚ ਗੋਲਾਕਾਰ ਸ਼ਤਰੰਜ ਦੀ ਖੋਜ ਕੀਤੀ। ਜਿਸ ਨੂੰ ਮਲਟੀਪਲੇਅਰ ਸਰਕਿਊਲਰ ਚੈਸ ਕਿਹਾ ਜਾਂਦਾ ਹੈ। ਉਸ ਨੇ ਇਸ ਨੂੰ 3 ਆਕਾਰਾਂ 'ਚ ਬਣਾਇਆ। ਪਹਿਲੇ ਨੂੰ 6, ਦੂਜੇ ਨੂੰ 12 ਅਤੇ ਤੀਜੇ ਨੂੰ 60 ਲੋਕ ਇਕੱਠੇ ਖੇਡ ਸਕਦੇ ਹਨ। ਖਾਸ ਗੱਲ ਇਹ ਹੈ ਕਿ ਉਸ ਦੇ ਬਣਾਏ ਸ਼ਤਰੰਜ ਨੂੰ 11, 27 ਅਤੇ 62 ਤਰੀਕਿਆਂ ਨਾਲ ਖੇਡਿਆ ਜਾ ਸਕਦਾ ਹੈ। ਜਾਪਾਨ ਨੇ 52 ਤਰੀਕੇ ਨਾਲ ਖੇਡਣ ਵਾਲਾ ਸ਼ਤਰੰਜ ਬਣਾਇਆ ਹੈ। ਹਿਰਦੇਸ਼ਵਰ ਨੇ ਜਾਪਾਨ ਦਾ ਰਿਕਾਰਡ ਤੋੜਿਆ ਹੈ। ਉਸ ਨੂੰ 22 ਜਨਵਰੀ 2020 ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਸ਼ਕਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ। 

ਹਿਰਦੇਸ਼ਵਰ ਸਕੂਲ ਨਹੀਂ ਜਾ ਸਕਦਾ ਪਰ ਘਰ ਵਿਚ ਹੀ ਪੂਰੀ ਦੁਨੀਆ ਨੂੰ ਯੂਨੀਵਰਸਿਟੀ ਬਣਾ ਕੇ ਸਿੱਖਿਆ ਪ੍ਰਾਪਤ ਕਰਦਾ ਹੈ। ਦਰਅਸਲ ਉਹ ਹਰ ਦਿਨ ਇੰਟਰਨੈੱਟ ਅਤੇ ਟੀ. ਵੀ. ਜ਼ਰੀਏ ਦੇਸ਼-ਦੁਨੀਆ ਦੀ ਜਾਣਕਾਰੀ ਇਕੱਠੀ ਕਰ ਲੈਂਦਾ ਹੈ। ਹਿਰਦੇਸ਼ਵਰ ਜ਼ਿੰਦਗੀ ਦੇ ਸ਼ਤਰੰਜ ਦੀ ਹਰ ਬਾਜ਼ੀ ਆਪਣੀ ਖੁਸ਼ਮਿਜਾਜ਼ੀ, ਸਕਾਰਾਤਮਕ ਸੋਚ ਨਾਲ ਜਿੱਤ ਲੈਂਦਾ ਹੈ। ਉਸ ਦੇ ਦੋਸਤ ਉਸ ਨੂੰ ਹੀਰੋ ਮੰਨਦੇ ਹਨ। ਹਿਰਦੇਸ਼ਵਰ ਦਾ ਕਹਿਣਾ ਹੈ ਕਿ ਸਭ ਤੋਂ ਵੱਡੀ ਵਿਕਲਾਂਗਤਾ ਹੌਂਸਲਿਆਂ ਦੀ ਕਮੀ ਹੈ। ਜੋ ਤੁਰ ਨਹੀਂ ਸਕਦਾ, ਉਹ ਹੌਂਸਲਿਆਂ ਦੇ ਦਮ 'ਤੇ ਉਡ ਸਕਦਾ ਹੈ। ਉਸ ਦੇ ਮਾਤਾ-ਪਿਤਾ ਅਧਿਆਪਕ ਹਨ, ਜੋ ਕਿ ਉਸ ਦੀ ਦੇਖਭਾਲ ਕਰਦੇ ਹਨ।


author

Tanu

Content Editor

Related News