1 ਜੂਨ ਤੋਂ ਆਰਮੀ ਕੰਟੀਨ ਰਾਹੀਂ ਨਹੀਂ ਖਰੀਦ ਸਕੋਗੇ ਸਸਤੀਆਂ ਕਾਰਾਂ
Monday, May 27, 2019 - 07:31 PM (IST)

ਨਵੀਂ ਦਿੱਲੀ — ਫੌਜ ਦੀਆਂ ਕੰਟੀਨਾਂ 'ਚ ਬਾਜ਼ਾਰ ਭਾਅ ਤੋਂ ਸਸਤੀ ਕੀਮਤ 'ਤੇ ਸਾਮਾਨ ਮਿਲਦਾ ਹੈ, ਇਹੀ ਵਜ੍ਹਾ ਹੈ ਕਿ ਇਸ ਦੀ ਦੁਰਵਰਤੋਂ ਵੀ ਹੁੰਦੀ ਹੈ। ਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਫੌਜ ਦੀਆਂ ਸੀ. ਐੱਸ. ਡੀ. ਕੰਟੀਨਾਂ ਤੋਂ ਕਾਰ ਖਰੀਦਣ 'ਤੇ ਫੌਜੀ ਅਧਿਕਾਰੀਆਂ ਅਤੇ ਉੱਥੇ ਕੰਮ ਕਰਨ ਵਾਲੇ ਨਾਗਰਿਕਾਂ ਨੂੰ ਕਾਰ ਖਰੀਦਣ 'ਤੇ ਮਾਰਕੀਟ ਪ੍ਰਾਈਸ ਦੇ ਮੁਕਾਬਲੇ 75,000 ਰੁਪਏ ਤੱਕ ਦੀ ਬਚਤ ਹੋ ਜਾਂਦੀ ਹੈ ਪਰ ਹੁਣ ਅਜਿਹਾ ਨਹੀਂ ਹੋ ਸਕੇਗਾ। ਹੁਣ ਫੌਜੀ ਅਧਿਕਾਰੀ ਸੀ. ਐੱਸ. ਡੀ. ਕੰਟੀਨਾਂ ਤੋਂ ਸਸਤੇ ਭਾਅ 'ਤੇ ਕਾਰਾਂ ਨਹੀਂ ਖਰੀਦ ਸਕਣਗੇ। ਇਸ ਲਈ ਫੌਜ 1 ਜੂਨ ਤੋਂ ਨਵਾਂ ਨਿਯਮ ਲਾਗੂ ਕਰਨ ਜਾ ਰਹੀ ਹੈ।
8 ਸਾਲ 'ਚ ਖਰੀਦ ਸਕਣਗੇ ਇਕ ਕਾਰ
ਵਹੀਕਲਸ 'ਤੇ ਸੀ. ਐੱਸ. ਡੀ. ਕੰਟੀਨ ਦੇ ਖਰਚ ਨੂੰ ਘੱਟ ਕਰਨ ਲਈ ਫੌਜ ਨੇ ਨਵਾਂ ਨਿਯਮ ਪ੍ਰਸਤਾਵਿਤ ਕੀਤਾ ਹੈ, ਜਿਸ ਤਹਿਤ ਫੌਜੀ ਅਧਿਕਾਰੀ 12 ਲੱਖ ਰੁਪਏ ਤੱਕ ਦਾ ਵਾਹਨ (ਜੀ. ਐੱਸ. ਟੀ. ਹਟਾ ਕੇ ) ਕੰਟੀਨ ਤੋਂ ਖਰੀਦ ਸਕਣਗੇ। 1 ਜੂਨ ਤੋਂ ਲਾਗੂ ਹੋਣ ਵਾਲੇ ਇਸ ਨਿਯਮ ਤਹਿਤ ਅਧਿਕਾਰੀ ਹਰ 8 ਸਾਲ 'ਚ ਇਕ ਹੀ ਵਾਰ ਕਾਰ ਖਰੀਦ ਸਕਣਗੇ ਅਤੇ ਉਸ 'ਚ ਵੀ ਕਾਰ ਦੇ ਇੰਜਣ ਦੀ ਸਮਰੱਥਾ 2500 ਸੀ. ਸੀ. ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਹੈ। ਇਸ ਨਵੇਂ ਨਿਯਮ ਅਨੁਸਾਰ ਫੌਜ ਦੇ ਜਵਾਨ ਆਪਣੀ ਸੇਵਾ ਦੌਰਾਨ ਸਿਰਫ ਇਕ ਵਾਰ ਕਾਰ ਖਰੀਦ ਸਕਣਗੇ ਅਤੇ ਰਿਟਾਇਰਮੈਂਟ ਤੋਂ ਬਾਅਦ ਜੀ. ਐੱਸ. ਟੀ. ਮਿਲਾ ਕੇ 6.5 ਲੱਖ ਰੁਪਏ ਤੱਕ ਦੀ ਕਾਰ ਖਰੀਦ ਸਕਣਗੇ।
ਸਾਲਾਨਾ 500 ਕਰੋੜ ਦਾ ਲਾਭ ਕਮਾਉਂਦੀ ਹੈ ਸੀ. ਐੱਸ. ਡੀ. ਕੰਟੀਨ
ਹਰ ਸਾਲ ਸੰਸਦ ਵਲੋਂ ਤਕਰੀਬਨ 17,000 ਕਰੋੜ ਰੁਪਏ ਸੀ. ਐੱਸ. ਡੀ. ਕੰਟੀਨ ਲਈ ਅਲਾਟ ਕੀਤੇ ਜਾਂਦੇ ਹਨ। ਸੀ. ਐੱਸ. ਡੀ. ਕੰਟੀਨ 'ਚ ਆਉਣ ਵਾਲੀਆਂ ਸਾਰੀਆਂ ਆਈਟਮਾਂ ਪਹਿਲਾਂ ਹੀ ਘੱਟ ਮੁੱਲ 'ਤੇ ਲਿਆਂਦੀਆਂ ਜਾਂਦੀਆਂ ਹਨ ਅਤੇ ਫਿਰ ਇਸ ਨਵੇਂ ਮੁੱਲ 'ਤੇ ਲੱਗਣ ਵਾਲੇ ਜੀ. ਐੱਸ. ਟੀ. ਨੂੰ ਵੀ ਅੱਧਾ ਕਰ ਦਿੱਤਾ ਜਾਂਦਾ ਹੈ। ਹਾਲਾਂਕਿ ਸੀ. ਐੱਸ. ਡੀ. ਨੂੰ ਹਰ ਸਾਲ 500 ਕਰੋੜ ਰੁਪਏ ਦਾ ਲਾਭ ਹੁੰਦਾ ਹੈ ਅਤੇ ਹਰ ਸਾਲ ਭਾਰਤੀ ਫੰਡ 'ਚ ਸੀ. ਐੱਸ. ਡੀ. ਵਲੋਂ ਤਕਰੀਬਨ 150 ਕਰੋੜ ਰੁਪਏ ਜਮ੍ਹਾ ਕੀਤੇ ਜਾਂਦੇ ਹਨ, ਫਿਰ ਵੀ ਜੀ. ਐੱਸ. ਟੀ. 'ਤੇ ਮਿਲਣ ਵਾਲੀ 50 ਫੀਸਦੀ ਛੋਟ ਨੂੰ ਫਾਈਨਾਂਸ ਅਥਾਰਟੀ ਨੁਕਸਾਨ ਦੇ ਤੌਰ 'ਤੇ ਵੇਖਦੀਆਂ ਹਨ।
ਵਿਕਰੀ ਵਧਣ ਨਾਲ ਵਧ ਗਈ ਪ੍ਰੇਸ਼ਾਨੀ
ਪਿਛਲੇ 2 ਸਾਲਾਂ 'ਚ ਬਾਜ਼ਾਰ 'ਚ ਕਾਰਾਂ ਦੇ ਜ਼ਿਆਦਾ ਵੈਰੀਐਂਟ ਲਾਂਚ ਹੋਣਾ, ਆਸਾਨੀ ਨਾਲ ਲੋਨ ਮਿਲਣ ਅਤੇ ਲੋਕਾਂ ਦੀ ਖਰੀਦ ਸਮਰੱਥਾ ਵਧਣ ਕਾਰਨ ਕਾਰਾਂ ਦੀ ਵਿਕਰੀ 200 ਫੀਸਦੀ ਤੱਕ ਵਧ ਗਈ ਹੈ। ਫੌਜੀ ਅਧਿਕਾਰੀਆਂ ਮੁਤਾਬਕ ਪਿਛਲੇ ਸਾਲ 6000 ਕਰੋੜ ਰੁਪਏ ਤੋਂ ਵੀ ਜ਼ਿਆਦਾ ਰਾਸ਼ੀ ਕਾਰਾਂ ਦੀ ਵਿਕਰੀ ਤੋਂ ਪ੍ਰਾਪਤ ਹੋਈ, ਜਿਸ ਨਾਲ ਬਜਟ ਕਾਫੀ ਜ਼ਿਆਦਾ ਵਧ ਗਿਆ ਅਤੇ ਕਾਰ ਮੈਨੂਫੈਕਚਰਰਜ਼ ਨੂੰ ਦੇਣ ਵਾਲੀ ਰਾਸ਼ੀ ਵਧ ਕੇ 4500 ਕਰੋੜ ਰੁਪਏ ਹੋ ਗਈ।