ਬਾਰਾਮੂਲਾ NIA ਕੋਰਟ ’ਚ ਅੱਤਵਾਦੀ ਖ਼ਿਲਾਫ਼ ਚਾਰਜਸ਼ੀਟ ਦਾਇਰ
Tuesday, Apr 18, 2023 - 11:13 AM (IST)
ਜੰਮੂ (ਅਰੁਣ)- ਅੱਤਵਾਦੀ ਅਨਸਰਾਂ ਵਿਰੁੱਧ ਆਪਣੀ ਕਾਰਵਾਈ ਨੂੰ ਜਾਰੀ ਰੱਖਦੇ ਹੋਏ ਵਿਸ਼ੇਸ਼ ਜਾਂਚ ਇਕਾਈ (ਐੱਨ.ਆਈ.ਏ.) ਬਾਰਾਮੂਲਾ ਨੇ ਪੁਲਸ ਥਾਣਾ ਸ਼ੀਰੀ ਵਿਖੇ ਦਰਜ ਐੱਫ.ਆਈ.ਆਰ. ਨੰਬਰ 40/2022 ਤਹਿਤ ਚਾਰਜਸ਼ੀਟ ਨੂੰ ਵਧੀਕ ਸੈਸ਼ਨ ਜੱਜ (ਐੱਨ. ਆਈ. ਏ. ਕੋਰਟ) ਬਾਰਾਮੂਲਾ ਦੇ ਸਾਹਮਣੇ ਪੇਸ਼ ਕੀਤਾ। ਇਹ ਮਾਮਲਾ ਵਾਸਰਨ ਤਾਰੀਪੋਰਾ ਦੇ ਜੰਗਲਾਂ ’ਚ ਇਕ ਅੱਤਵਾਦੀ ਨਿਸਾਰ ਅਹਿਮਦ ਭੱਟ ਦੀ ਗ੍ਰਿਫਤਾਰੀ ਨਾਲ ਸਬੰਧਤ ਹੈ, ਜੋ ਹੋਰ ਅੱਤਵਾਦੀਆਂ ਨਾਲ ਮਿਲ ਕੇ ਇਲਾਕੇ ’ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚ ਰਿਹਾ ਸੀ।
ਉਨ੍ਹਾਂ ਫੌਜ ਦੀ 52 ਰਾਸ਼ਟਰੀ ਰਾਈਫਲਜ਼, 46 ਰਾਸ਼ਟਰੀ ਰਾਈਫਲਜ਼, ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਦੀ 53ਵੀਂ ਕੋਰ ਅਤੇ ਜੰਮੂ-ਕਸ਼ਮੀਰ ਪੁਲਸ ਦੀ ਇਕ ਸਾਂਝੀ ਟੀਮ ਵੱਲੋਂ ਜੰਗਲਾਂ ’ਚ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ। ਚਾਰਜਸ਼ੀਟ ਬਾਰਾਮੂਲਾ ਜ਼ਿਲ੍ਹਾ ਜੇਲ੍ਹ ’ਚ ਬੰਦ ਅੱਤਵਾਦੀ ਨਿਸਾਰ ਅਹਿਮਦ ਪੁੱਤਰ ਮੁਹੰਮਦ ਅਕਬਰ ਵਾਸੀ ਸ਼ਰਕਵਾੜਾ ਅਤੇ ਮਾਰੇ ਗਏ ਅੱਤਵਾਦੀ ਹਿਲਾਲ ਅਹਿਮਦ ਸ਼ੇਖ (ਮ੍ਰਿਤਕ) ਵਿਰੁੱਧ ਪੇਸ਼ ਕੀਤੀ ਗਈ ਸੀ। ਇਸ ਤੋਂ ਇਲਾਵਾ ਉਸਮਾਨ ਉਰਫ ਉਸਮਾਨ ਭਾਈ ਅਤੇ ਅਲੀ ਸੱਜਾਦ ਉਰਫ ਸੱਜਾਦ ਭਾਈ ਦੋਵੇਂ ਵਾਸੀ ਪਾਕਿਸਤਾਨ ਦੇ ਸਬੰਧ ’ਚ ਜਾਂਚ ਜਾਰੀ ਰਹੇਗੀ।