ਚਾਰ ਧਾਮ ਯਾਤਰਾ ਦਾ ਨਵਾਂ ਰਿਕਾਰਡ, ਸ਼ਰਧਾਲੂਆਂ ਦੀ ਗਿਣਤੀ ਪੁੱਜੀ 34 ਲੱਖ ਦੇ ਪਾਰ

11/03/2019 3:02:57 PM

ਦੇਹਰਾਦੂਨ (ਭਾਸ਼ਾ)— ਇਸ ਸਾਲ ਗੰਗੋਤਰੀ, ਯਮੁਨੋਤਰੀ, ਕੇਦਾਰਨਾਥ ਦੇ ਨਾਲ ਹੀ ਸ੍ਰੀ ਹੇਮਕੁੰਟ ਸਾਹਿਬ ਪੁੱਜਣ ਵਾਲੇ ਯਾਤਰੀਆਂ ਦੀ ਗਿਣਤੀ ਰਿਕਾਰਡ 34 ਲੱਖ 10 ਹਜ਼ਾਰ 380 ਦੇ ਪਾਰ ਪਹੁੰਚੀ ਹੈ। ਸ਼ਰਧਾਲੂਆਂ ਦੀ ਇਹ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 22.6 ਫੀਸਦੀ ਜ਼ਿਆਦਾ ਹੈ। ਇੱਥੇ ਦੱਸ ਦੇਈਏ ਕਿ ਚਮੋਲੀ ਜ਼ਿਲੇ ਵਿਚ ਸਥਿਤ ਹੇਮਕੁੰਟ ਸਾਹਿਬ ਨੂੰ ਪ੍ਰਦੇਸ਼ ਦਾ 5ਵਾਂ ਧਾਮ ਕਿਹਾ ਜਾਂਦਾ ਹੈ। ਇਸ ਸਾਲ ਚਾਰ ਧਾਮ ਯਾਤਰਾ ਦੀ ਸ਼ੁਰੂਆਤ 7 ਮਈ ਨੂੰ ਗੰਗੋਤਰੀ ਅਤੇ ਯਮੁਨੋਤਰੀ ਮੰਦਰ ਦੇ ਕਿਵਾੜ ਖੁੱਲ੍ਹਣ ਨਾਲ ਹੋਈ ਸੀ। ਹਰ ਧਾਮ 'ਚ ਇਸ ਵਾਰ ਪਿਛਲੇ ਸਾਲਾਂ ਤੋਂ ਵਧ ਸ਼ਰਧਾਲੂ ਦਰਸ਼ਨਾਂ ਲਈ ਪਹੁੰਚੇ। ਪਿਛਲੇ ਸਾਲ 2018 'ਚ 27.18 ਲੱਖ ਸ਼ਰਧਾਲੂ ਇਨ੍ਹਾਂ ਧਾਮਾਂ ਦੇ ਦਰਸ਼ਨਾਂ ਲਈ ਪੁੱਜੇ ਸਨ।

ਚਾਰ ਧਾਮ ਯਾਤਰਾ ਹਮੇਸ਼ਾ ਦੇਸ਼-ਵਿਦੇਸ਼ ਦੇ ਸ਼ਰਧਾਲੂਆਂ ਦੇ ਆਕਰਸ਼ਣ ਦਾ ਕੇਂਦਰ ਰਹੀ ਹੈ। ਸਭ ਤੋਂ ਵੱਧ ਹੈਰਾਨੀਜਨਕ ਅੰਕੜੇ ਕੇਦਾਰਨਾਥ ਧਾਮ ਪਹੁੰਚਣ ਵਾਲੇ ਸ਼ਰਧਾਲੂਆਂ ਦੇ ਰਹੇ। ਪਿਛਲੇ ਸਾਲ ਇੱਥੇ 7.32 ਲੱਖ ਸ਼ਰਧਾਲੂਆਂ ਦੇ ਮੁਕਾਬਲੇ ਇਸ ਸਾਲ ਲੱਗਭਗ 10 ਲੱਖ ਯਾਤਰੀਆਂ ਨੇ ਬਾਬਾ ਕੇਦਾਰ ਦੇ ਦਰ 'ਤੇ ਦਸਤਕ ਦਿੱਤੀ, ਜੋ ਕਿ ਇਕ ਰਿਕਾਰਡ ਹੈ। ਸਾਲ 2013 'ਚ ਆਈ ਭਿਆਨਕ ਆਫਤ ਤੋਂ ਬਾਅਦ ਇੰਨੀ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦਾ ਕੇਦਾਰਨਾਥ ਪਹੁੰਚਣਾ ਸੂਬਾ ਸਰਕਾਰ ਦੀ ਇਕ ਅਸਾਧਾਰਣ ਪ੍ਰਾਪਤੀ ਹੈ। ਕੇਦਾਰਨਾਥ ਮੰਦਰ ਤਕ ਪਹੁੰਚਣ ਲਈ 18 ਕਿਲੋਮੀਟਰ ਦੇ ਪੈਦਲ ਰਸਤੇ ਨੂੰ ਦੇਖਦੇ ਹੋਏ 1 ਲੱਖ ਤੋਂ ਵਧੇਰੇ ਸ਼ਰਧਾਲੂਆਂ ਨੇ ਹੈਲੀਕਾਪਟਰ ਦਾ ਸਹਾਰਾ ਲਿਆ। ਸੂਬੇ ਦੇ ਸੈਰ-ਸਪਾਟਾ ਸਕੱਤਰ ਦਿਲੀਪ ਜਾਵਲਕਰ ਨੇ ਕਿਹਾ ਕਿ ਚਾਰ ਧਾਮ ਯਾਤਰਾ ਵਿਚ ਸ਼ਰਧਾਲੂਆਂ ਦੀ ਲਗਾਤਾਰ ਵਧਦੀ ਗਿਣਤੀ ਅਰਥਵਿਵਸਥਾ ਦੀ ਮਜ਼ਬੂਤੀ ਨੂੰ ਦਰਸਾਉਂਦੀ ਹੈ।


Tanu

Content Editor

Related News