ਆਂਧਰਾ ਪ੍ਰਦੇਸ਼ ਦੇ ਸਾਬਕਾ CM ਚੰਦਰਬਾਬੂ ਨਾਇਡੂ ਦੇ ਪ੍ਰੋਗਰਾਮ ’ਚ ਫਿਰ ਮਚੀ ਹਫੜਾ-ਦਫੜੀ, 3 ਮੌਤਾਂ
Monday, Jan 02, 2023 - 01:43 AM (IST)
ਨੈਸ਼ਨਲ ਡੈਸਕ : ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਦੇ ਪ੍ਰੋਗਰਾਮ ’ਚ ਐਤਵਾਰ ਨੂੰ ਇਕ ਵਾਰ ਫਿਰ ਹਫੜਾ-ਦਫੜੀ ਮਚ ਗਈ। ਇਸ ’ਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਦੱਸੇ ਜਾ ਰਹੇ ਹਨ। ਚਾਰ ਦਿਨਾਂ ’ਚ ਇਹ ਦੂਜਾ ਮੌਕਾ ਹੈ, ਜਦੋਂ ਨਾਇਡੂ ਦੇ ਕਿਸੇ ਪ੍ਰੋਗਰਾਮ ’ਚ ਹਫੜਾ-ਦਫੜੀ ਮਚੀ ਹੈ। ਇਸ ਤੋਂ ਪਹਿਲਾਂ ਬੁੱਧਵਾਰ 28 ਦਸੰਬਰ ਨੂੰ ਨੇਲੋਰ ਜ਼ਿਲ੍ਹੇ ’ਚ ਸਾਬਕਾ ਮੁੱਖ ਮੰਤਰੀ ਦੇ ਰੋਡ ਸ਼ੋਅ ਦੌਰਾਨ ਮਚੀ ਹਫੜਾ ਦਫੜੀ ’ਚ ਇਕ ਔਰਤ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ ਸੀ।
ਇਹ ਖ਼ਬਰ ਵੀ ਪੜ੍ਹੋ : ਕੜਾਕੇ ਦੀ ਠੰਡ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਸਕੂਲਾਂ ਦੀਆਂ ਛੁੱਟੀਆਂ ’ਚ ਕੀਤਾ ਵਾਧਾ
ਜਨਤਕ ਮੀਟਿੰਗ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਚੰਦਰਬਾਬੂ ਨਾਇਡੂ ਨੇ ਆਉਣ ਵਾਲੇ ਪੋਂਗਲ ਤਿਉਹਾਰ ਲਈ ਤੋਹਫ਼ੇ ਵੰਡਣ ਦੀ ਯੋਜਨਾ ਬਣਾਈ ਸੀ। ਟੀ.ਡੀ.ਪੀ. ਨੇਤਾਵਾਂ ਨੇ ਐਤਵਾਰ ਨੂੰ ਦੁਪਹਿਰ 2 ਵਜੇ ਇਕ ਜਨਸਭਾ ਦਾ ਪ੍ਰਬੰਧ ਕੀਤਾ। ਮੀਟਿੰਗ ਖ਼ਤਮ ਹੋਣ ਤੋਂ ਬਾਅਦ ਨਾਇਡੂ ਚਲੇ ਗਏ। ਹਾਲਾਂਕਿ, ਲੋਕ ਤੋਹਫ਼ੇ ਲੈਣ ਲਈ ਪੁੱਜੇ, ਜਿਸ ਕਾਰਨ ਹਫੜਾ-ਦਫੜੀ ਮਚ ਗਈ।
ਇਹ ਵੀ ਪੜ੍ਹੋ : ਸਾਲ ਦੇ ਪਹਿਲੇ ਦਿਨ ਲੋਕਾਂ ਨੂੰ ਸਰਕਾਰ ਦਾ ਤੋਹਫ਼ਾ, ਸ੍ਰੀ ਦਰਬਾਰ ਸਾਹਿਬ ’ਚ ਵਾਪਰੀ ਵੱਡੀ ਘਟਨਾ, ਪੜ੍ਹੋ Top 10
ਇਸ ਤੋਂ ਪਹਿਲਾਂ ਬੁੱਧਵਾਰ ਦੀ ਦੁੱਖਦਾਈ ਘਟਨਾ ’ਤੇ ਚੰਦਰਬਾਬੂ ਨੇ ਦੁੱਖ ਪ੍ਰਗਟ ਕੀਤਾ ਸੀ। ਉਨ੍ਹਾਂ ਮੁਆਫ਼ੀ ਮੰਗਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਹਾਦਸੇ ’ਚ ਜਾਨਾਂ ਗੁਆਉਣ ਵਾਲਿਆਂ ਲਈ ਦੁੱਖ਼ ਹੈ। ਇਸ ਦੇ ਨਾਲ ਹੀ ਚੰਦਰਬਾਬੂ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ ਮਿਲਣ ਪਹੁੰਚੇ ਸਨ। ਦੱਸਿਆ ਗਿਆ ਸੀ ਕਿ ਨੇਲੋਰ ਦੇ ਕੁੰਦੁਕੁਰ ’ਚ ਨਾਇਡੂ ਦੀ ਮੀਟਿੰਗ ਦੌਰਾਨ ਕੁਝ ਵਰਕਰਾਂ ’ਚ ਝੜਪ ਹੋ ਗਈ ਸੀ। ਇਸ ਤੋਂ ਬਾਅਦ ਅਚਾਨਕ ਮੀਟਿੰਗ ’ਚ ਹਫੜਾ-ਦਫੜੀ ਮਚ ਗਈ। ਇਸ ’ਚ ਤੇਦੇਪਾ ਦੇ 8 ਵਰਕਰਾਂ ਦੀ ਜਾਨ ਚਲੀ ਗਈ ਸੀ। ਨਾਇਡੂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਐੱਨ.ਟੀ.ਆਰ. ਟਰੱਸਟ ਵਿੱਦਿਅਕ ਸੰਸਥਾਵਾਂ ’ਚ ਪੜ੍ਹਾਈ ਦਾ ਐਲਾਨ ਕੀਤਾ ਸੀ।