ਚਾਨੂ ਨੇ ਰਚਿਆ ਇਤਿਹਾਸ, ਹਾਕੀ ਨੇ ਜਗਾਈ ਉਮੀਦ, ਜਾਣੋ ਟੋਕੀਓ ਓਲੰਪਿਕ ’ਚ ਅੱਜ ਕੀ-ਕੀ ਹੋਇਆ
Saturday, Jul 24, 2021 - 11:33 PM (IST)
ਟੋਕੀਓ : ਵੇਟ ਲਿਫਟਰ ਮੀਰਾਬਾਈ ਚਾਨੂ ਨੇ ਟੋਕੀਓ ਓਲੰਪਿਕ ਖੇਡਾਂ ਦੇ ਪਹਿਲੇ ਦਿਨ ਹੀ ਚਾਂਦੀ ਤਮਗਾ ਜਿੱਤ ਕੇ ਭਾਰਤੀ ਖੇਡਾਂ ’ਚ ਨਵਾਂ ਇਤਿਹਾਸ ਰਚਿਆ, ਜਦਕਿ ਪੁਰਸ਼ ਹਾਕੀ ਟੀਮ ਅਤੇ ਟੈਨਿਸ ਖਿਡਾਰੀ ਸੁਮਿਤ ਨਾਗਲ ਨੇ ਹਾਂ-ਪੱਖੀ ਸ਼ੁਰੂਆਤ ਕੀਤੀ ਪਰ ਨਿਸ਼ਾਨੇਬਾਜ਼ੀ, ਮੁੱਕੇਬਾਜ਼ੀ ਅਤੇ ਤੀਰਅੰਦਾਜ਼ੀ ’ਚ ਸ਼ਨੀਵਾਰ ਨੂੰ ਭਾਰਤ ਦੇ ਹੱਥ ਨਿਰਾਸ਼ਾ ਲੱਗੀ। ਚਾਨੂ ਨੇ ਮਹਿਲਾਵਾਂ ਦੇ 49 ਕਿਲੋਗ੍ਰਾਮ ’ਚ 202 ਕਿਲੋਗ੍ਰਾਮ (87 ਕਿਲੋਗ੍ਰਾਮ + 115 ਕਿੱਲੋ) ਭਾਰ ਚੁੱਕ ਕੇ ਓਲੰਪਿਕ ਵੇਟ ਲਿਫਟਿੰਗ ਮੁਕਾਬਲੇ ’ਚ ਭਾਰਤ ਦੀ 21 ਸਾਲਾਂ ਦੀ ਉਡੀਕ ਖਤਮ ਕੀਤੀ।
ਪੰਜ ਸਾਲ ਪਹਿਲਾਂ ਰੀਓ ਓਲੰਪਿਕ ’ਚ ਨਿਰਾਸ਼ਾਜਨਕ ਨਤੀਜਾ ਹਾਸਲ ਕਰਨ ਵਾਲੀ ਚਾਨੂ ਇਸ ਇਤਿਹਾਸਕ ਜਿੱਤ ਨਾਲ ਭਾਰਤ ਤਮਗਾ ਸੂਚੀ ’ਚ ਇਕ ਸਮੇਂ ਦੂਸਰੇ ਸਥਾਨ ’ਤੇ ਪਹੁੰਚ ਗਿਆ ਸੀ। ਇਹ ਪਹਿਲਾ ਮੌਕਾ ਹੈ, ਜਦੋਂ ਕਿਸੇ ਭਾਰਤੀ ਨੇ ਮੁਕਾਬਲੇ ਦੇ ਪਹਿਲੇ ਦਿਨ ਕੋਈ ਤਮਗਾ ਜਿੱਤਿਆ ਹੈ। ਇਸ ਨਾਲ ਭਾਰਤ ਹੁਣ ਤਮਗਾ ਸੂਚੀ ’ਚ ਇਸ ਸਮੇਂ ਸਾਂਝੇ ਤੌਰ ’ਤੇ 12ਵੇਂ ਸਥਾਨ ’ਤੇ ਹੈ। ਚੀਨ ਤਿੰਨ ਸੋਨ ਸਮੇਤ ਚਾਰ ਤਮਗੇ ਲੈ ਕੇ ਚੋਟੀ ’ਤੇ ਹੈ। ਚਾਨੂ ਤੋਂ ਪਹਿਲਾਂ ਕਰਣਮ ਮੱਲੇਸ਼ਵਰੀ ਨੇ ਸਿਡਨੀ ਓਲੰਪਿਕਸ 2000 ’ਚ ਵੇਟ ਲਿਫਟਿੰਗ ’ਚ ਕਾਂਸੀ ਤਮਗਾ ਜਿੱਤਿਆ ਸੀ। ਚਾਨੂ ਨੇ ਬਾਅਦ ’ਚ ਕਿਹਾ ਕਿ ਮੈਂ ਬਹੁਤ ਖੁਸ਼ ਹਾਂ, ਮੈਂ ਪਿਛਲੇ ਪੰਜ ਸਾਲਾਂ ਤੋਂ ਇਸ ਦਾ ਸੁਫ਼ਨਾ ਵੇਖ ਰਹੀ ਸੀ। ਮੈਂ ਇਸ ਸਮੇਂ ਆਪਣੇ ਆਪ ’ਤੇ ਮਾਣ ਮਹਿਸੂਸ ਕਰ ਰਹੀ ਹਾਂ। ਮੈਂ ਸੋਨ ਤਮਗੇ ਲਈ ਕੋਸ਼ਿਸ਼ ਕੀਤੀ ਪਰ ਚਾਂਦੀ ਤਮਗਾ ਵੀ ਮੇਰੇ ਲਈ ਇਕ ਵੱਡੀ ਪ੍ਰਾਪਤੀ ਹੈ।
ਭਾਰਤੀ ਪੁਰਸ਼ ਹਾਕੀ ਟੀਮ ਨੇ ਰੋਮਾਂਚਕ ਮੈਚ ’ਚ ਨਿਊਜ਼ੀਲੈਂਡ ਨੂੰ 3-2 ਨਾਲ ਹਰਾ ਕੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਗੋਲਕੀਪਰ ਪੀਆਰ ਸ਼੍ਰੀਜੇਸ਼ ਨੇ ਫਿਰ ਵਧੀਆ ਖੇਡ ਦਿਖਾ ਕੇ ਭਾਰਤ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਈ। ਨਿਊਜ਼ੀਲੈਂਡ ਲਈ ਪਹਿਲਾ ਗੋਲ ਛੇਵੇਂ ਮਿੰਟ ’ਚ ਪੈਨਲਟੀ ਕਾਰਨਰ ਮਾਹਿਰ ਕੇਨ ਰਸਲ ਨੇ ਕੀਤਾ। ਰੁਪਿੰਦਰਪਾਲ ਸਿੰਘ ਨੇ 10ਵੇਂ ਮਿੰਟ ’ਚ ਪੈਨਲਟੀ ਸਟਰੋਕ ਉੱਤੇ ਗੋਲ ਕਰ ਕੇ ਭਾਰਤ ਨੂੰ ਬਰਾਬਰ ਕਰ ਦਿੱਤਾ। ਹਰਮਨਪ੍ਰੀਤ ਸਿੰਘ ਨੇ 26ਵੇਂ ਅਤੇ 33ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਗੋਲ ਕੀਤੇ, ਜਦਕਿ ਸਟੀਫਨ ਜੈਨਿਸ ਨੇ 43ਵੇਂ ਮਿੰਟ ’ਚ ਨਿਊਜ਼ੀਲੈਂਡ ਲਈ ਦੂਜਾ ਗੋਲ ਕੀਤਾ। ਭਾਰਤੀ ਮਹਿਲਾ ਹਾਕੀ ਟੀਮ ਨੇ ਹਾਲਾਂਕਿ ਨਿਰਾਸ਼ਾਜਨਕ ਸ਼ੁਰੂਆਤ ਕੀਤੀ। ਉਸ ਨੂੰ ਪਹਿਲੇ ਮੈਚ ਵਿਚ ਹੀ ਨੀਦਰਲੈਂਡ ਤੋਂ 5-1 ਦੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।
ਟੈਨਿਸ ਕੋਰਟ ’ਚ ਸੁਮਿਤ ਨਾਗਲ ਓਲੰਪਿਕ ’ਚ ਪੁਰਸ਼ ਸਿੰਗਲਜ਼ ’ਚ ਜਿੱਤਣ ਵਾਲਾ ਤੀਜਾ ਭਾਰਤੀ ਖਿਡਾਰੀ ਬਣ ਗਿਆ। ਉਸ ਨੇ 2 ਘੰਟੇ 34 ਮਿੰਟ ਤਕ ਚੱਲੇ ਮੈਚ ’ਚ ਡੈਨਿਸ ਇਸਤੋਮਿਨ ਨੂੰ 6-4, 6-7, 6-4 ਨਾਲ ਹਰਾਇਆ। ਦੂਜੇ ਗੇੜ ’ਚ ਉਸ ਦਾ ਸਾਹਮਣਾ ਵਿਸ਼ਵ ਦੇ ਦੂਜੇ ਨੰਬਰ ਦੇ ਡੇਨੀਅਲ ਮੇਦਵੇਦੇਵ ਨਾਲ ਹੋਵੇਗਾ। ਭਾਰਤ ਲਈ ਸਭ ਤੋਂ ਵੱਡੀ ਨਿਰਾਸ਼ਾ ਸ਼ੂਟਿੰਗ ’ਚ ਸੀ। ਸੌਰਭ ਚੌਧਰੀ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ’ਚ ਚੋਟੀ ਦਾ ਸਥਾਨ ਹਾਸਲ ਕਰਨ ਦੇ ਬਾਵਜੂਦ ਤਮਗਾ ਜਿੱਤਣ ’ਚ ਅਸਫਲ ਰਿਹਾ। ਉਹ ਫਾਈਨਲ ’ਚ ਸੱਤਵੇਂ ਸਥਾਨ ’ਤੇ ਰਿਹਾ।
ਇਸ ਮੁਕਾਬਲੇ ’ਚ ਇਕ ਹੋਰ ਭਾਰਤੀ ਅਭਿਸ਼ੇਕ ਵਰਮਾ 8 ਖਿਡਾਰੀਆਂ ਦੇ ਫਾਈਨਲ ’ਚ ਵੀ ਜਗ੍ਹਾ ਨਹੀਂ ਬਣਾ ਸਕਿਆ ਅਤੇ 575 ਅੰਕਾਂ ਨਾਲ 17ਵੇਂ ਸਥਾਨ ’ਤੇ ਰਿਹਾ। ਚੌਧਰੀ ਨੇ 586 ਅੰਕਾਂ ਨਾਲ ਕੁਆਲੀਫਿਕੇਸ਼ਨ ’ਚ ਆਖਰੀ ਸਥਾਨ ਹਾਸਲ ਕੀਤਾ ਸੀ ਪਰ ਫਾਈਨਲ ’ਚ 137.4 ਅੰਕ ਬਣਾ ਕੇ ਸੱਤਵੇਂ ਸਥਾਨ ’ਤੇ ਰਿਹਾ। ਮਹਿਲਾਵਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ’ਚ ਓਲੰਪਿਕ ’ਚ ਡੈਬਿਊ ਕਰ ਰਹੀ ਇਲਾਵੇਨਿਲ ਵਾਲਾਰਿਵਨ ਅਤੇ ਅਪੂਰਵੀ ਚੰਦੇਲਾ ਵੀ ਫਾਈਨਲ ਵਿਚ ਥਾਂ ਬਣਾਉਣ ’ਚ ਅਸਫਲ ਰਹੀਆਂ। ਇਹ ਦੋਵੇਂ ਅਕਾਸਾ ਰੇਂਜ ’ਤੇ ਕ੍ਰਮਵਾਰ 16ਵੇਂ ਅਤੇ 36ਵੇਂ ਨੰਬਰ ’ਤੇ ਰਹੀਆਂ।
ਮੁੱਕੇਬਾਜ਼ੀ ’ਚ ਸ਼ਨੀਵਾਰ ਨੂੰ ਭਾਰਤ ਦਾ ਇਕਲੌਤਾ ਮੁੱਕੇਬਾਜ਼ ਵਿਕਾਸ ਕ੍ਰਿਸ਼ਣ (69 ਕਿਲੋਗ੍ਰਾਮ) ਰਿੰਗ ’ਚ ਉਤਰਿਆ ਪਰ ਜਾਪਾਨ ਦੇ ਸੇਵੋਨਰੇਟਸ ਕਵਿੰਸੀ ਮੇਨਸਾਹ ਓਕਾਜ਼ਾਵਾ ਖਿਲਾਫ ਉਸ ਨੂੰ ਇਕਪਾਸੜ 0-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਇਨ੍ਹਾਂ ਖੇਡਾਂ ’ਚ ਦੇਸ਼ ਦੀ ਨੌਂ ਮੈਂਬਰੀ ਟੀਮ ਦੀ ਨਿਰਾਸ਼ਾਜਨਕ ਸ਼ੁਰੂਆਤ ਰਹੀ। ਤੀਰਅੰਦਾਜ਼ੀ ’ਚ ਮਿਕਸਡ ਡਬਲਜ਼ ’ਚ ਦੀਪਿਕਾ ਕੁਮਾਰੀ ਅਤੇ ਪ੍ਰਵੀਨ ਜਾਧਵ ਦੀ ਜੋੜੀ ਨੇ ਚੀਨੀ ਤਾਈਪੇ ਨੂੰ ਹਰਾਇਆ ਪਰ ਭਾਰਤੀ ਜੋੜੀ ਦੱਖਣੀ ਕੋਰੀਆ ਖ਼ਿਲਾਫ਼ 2-6 ਨਾਲ ਹਾਰਨ ਦੌਰਾਨ ਲੈਅ ’ਚ ਨਹੀਂ ਦਿਖੀ। ਕੋਰੀਆ ਦੀ ਚੋਟੀ ਦਾ ਦਰਜਾ ਟੀਮ ਦੇ ਉਮੀਦ ਮੁਤਾਬਕ ਨਾ ਖੇਡਣ ਦੇ ਬਾਵਜੂਦ ਦੀਪਿਕਾ ਤੇ ਜਾਧਵ ਨੂੰ ਹਾਰ ਝੱਲਣੀ ਪਈ । ਟੇਬਲ ਟੈਨਿਸ ਤੇ ਬੈਡਮਿੰਟਨ ’ਚ ਭਾਰਤ ਲਈ ਅੱਜ ਦਾ ਦਿਨ ਮਿਲੀ ਜੁਲੀ ਸਫਲਤਾ ਵਾਲਾ ਰਿਹਾ।
ਅਚੰਤ ਸ਼ਰਤ ਕਮਲ ਅਤੇ ਮਨਿਕਾ ਬੱਤਰਾ ਮਿਕਸਡ ਡਬਲਜ਼ ਵਰਗ ਦੇ ਆਖਰੀ 16 ’ਚ ਹਾਰ ਗਏ। ਮਨਿਕਾ ਅਤੇ ਸੁਤੀਰਥਾ ਬੈਨਰਜੀ ਨੇ ਹਾਲਾਂਕਿ ਸਿੰਗਲਜ਼ ਮੈਚ ਜਿੱਤ ਕੇ ਭਾਰਤੀ ਕੈਂਪ ਵਿਚ ਖੁਸ਼ੀ ਵਾਪਸ ਲਿਆਂਦੀ। ਸ਼ਰਤ ਕਮਲ ਅਤੇ ਮਨਿਕਾ ਦੀ ਭਾਰਤੀ ਜੋੜੀ ਚੀਨੀ ਤਾਈਪੇ ਦੀ ਤੀਜਾ ਦਰਜਾ ਪ੍ਰਾਪਤ ਜੋੜੀ ਲਿਨ ਯੂ ਜੁ ਅਤੇ ਚੇਂਗ ਆਈ ਚਿੰਗ ਤੋਂ 0-4 ਨਾਲ ਹਾਰ ਗਈ। ਵਿਸ਼ਵ ਦੀ 62ਵੇਂ ਨੰਬਰ ਦੀ ਮਨਿਕਾ ਨੇ ਬ੍ਰਿਟੇਨ ਦੀ 94ਵੀਂ ਰੈਂਕ ਵਾਲੀ ਟੀਨ ਟੀਨ ਹੋ ਨੂੰ ਸਿੰਗਲਜ਼ ’ਚ 4-0 ਨਾਲ ਹਰਾਇਆ, ਜਦਕਿ 98ਵੇਂ ਨੰਬਰ ਦੀ ਸੁਤੀਰਥਾ ਨੇ ਸਵੀਡਨ ਦੀ 78ਵੀਂ ਰੈਂਕਿੰਗ ਦੀ ਲਿੰਡਾ ਬਰਗਸਟਰਮ ਨੂੰ ਹਰਾਇਆ। ਸੁਤੀਰਥਾ ਹੁਣ ਦੂਜੇ ਗੇੜ ’ਚ ਪੁਰਤਗਾਲ ਦੀ ਫੂਯ ਨਾਲ ਭਿੜੇਗੀ, ਜਦਕਿ ਮਨੀਕਾ ਦਾ ਸਾਹਮਣਾ 32ਵਾਂ ਦਰਜਾ ਪ੍ਰਾਪਤ ਯੂਕਰੇਨ ਦੀ ਮਾਰਗਿਤਾ ਪੇਸੋਤਸਕਾ ਨਾਲ ਹੋਵੇਗਾ।
ਬੈਡਮਿੰਟਨ ’ਚ ਸਾਤਵਿਕਸਾਈਰਾਜ ਰੰਕੀਰੈਡੀ ਅਤੇ ਚਿਰਾਗ ਸ਼ੈੱਟੀ ਦੀ ਪੁਰਸ਼ ਡਬਲਜ਼ ਜੋੜੀ ਨੇ ਗਰੁੱਪ ਏ ’ਚ ਵਿਸ਼ਵ ਦੀ ਤੀਜੇ ਨੰਬਰ ਦੀ ਚੀਨ ਦੀ ਜੋੜੀ ਯਾਂਗ ਲੀ ਅਤੇ ਚੀ ਲਿਨ ਵੈਂਗ ਨੂੰ 21-16, 16-21, 27-25 ਨਾਲ ਹਰਾਇਆ। ਪੁਰਸ਼ ਸਿੰਗਲਜ਼ ਵਿਚ ਹਾਲਾਂਕਿ ਬੀ. ਸਾਈ ਪ੍ਰਨੀਤ ਨੂੰ ਇਜ਼ਰਾਈਲ ਦੇ ਹੇਠਲੇ ਦਰਜੇ ਦੇ ਮੀਸ਼ਾ ਜ਼ਿਲਬਰਮੈਨ ਤੋਂ 17-21 15-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਜੂਡੋ ’ਚ ਭਾਰਤ ਦੀ ਇਕਲੌਤੀ ਜੂਡੋਕਾ ਸੁਸ਼ੀਲਾ ਦੇਵੀ (48 ਕਿਲੋਗ੍ਰਾਮ) ਆਪਣੇ ਪਹਿਲੇ ਮੁਕਾਬਲੇ ’ਚ ਹੰਗਰੀ ਦੀ ਈਵਾ ਸੇਰਨੋਵਿਚ ਤੋਂ ਹਾਰ ਗਈ। ਰੋਵਿੰਗ ’ਚ ਅਰਵਿੰਦ ਸਿੰਘ ਅਤੇ ਅਰਜੁਨ ਲਾਲ ਜਾਟ ਟੋਕੀਓ ਓਲੰਪਿਕ ਵਿਚ ਪੁਰਸ਼ਾਂ ਦੇ ਲਾਈਟਵੇਟ ਡਬਲਸਕਲਜ਼ ਮੁਕਾਬਲੇ ’ਚ ਪੰਜਵੇਂ ਸਥਾਨ ’ਤੇ ਰਹੇ। ਦੂਸਰੀ ਹੀਟ ਵਿੱਚ ਭਾਰਤੀ ਜੋੜੀ ਨੇ ਛੇ ਟੀਮਾਂ ਦੇ ਇੱਕ ਮੁਕਾਬਲੇ ਵਿੱਚ 6: 40.3 ਦਾ ਸਮਾਂ ਕੱਢਿਆ ਅਤੇ ਸੈਮੀਫਾਈਨਲ ’ਚ ਜਗ੍ਹਾ ਨਹੀਂ ਬਣਾ ਸਕੀ।