ਹਰਿਆਣਾ ਦੇ 2 ਪਿੰਡਾਂ ਨੂੰ ਲੈ ਕੇ ਹੋਇਆ ਵੱਡਾ ਬਦਲਾਅ

09/01/2019 12:07:34 PM

ਚੰਡੀਗੜ੍ਹ—ਹਰਿਆਣਾ ਦੇ ਦੋ ਪਿੰਡਾਂ ’ਚ ਵੱਡਾ ਬਦਲਾਅ ਕੀਤਾ ਗਿਆ ਹੈ, ਜਿਨ੍ਹਾਂ ’ਚੋ ਇੱਕ ਦਾ ਨਾਂ ਬਦਲਿਆ ਗਿਆ ਹੈ ਅਤੇ ਦੂਜੇ ਪਿੰਡ ਦਾ ਜ਼ਿਲਾ ਬਦਲਿਆ ਗਿਆ ਹੈ। ਇਹ 2 ਪਿੰਡ ਲੈਂਡੌਰਾ ਅਤੇ ਧਨੌਰੀ ਹਨ। ਲੈਂਡੌਰਾ ਪਿੰਡ ਕਰਨਾਲ ਜ਼ਿਲੇ ਦੇ ਇੰਦਰੀ ਉਪਮੰਡਲ ਦੇ ਅਧੀਨ ਆਉਂਦਾ ਹੈ। ਇਸ ਦਾ ਨਾਂ ਬਦਲ ਕੇ ਜੈਰਾਮਪੁਰ ਨਾਂ ਰੱਖ ਦਿੱਤਾ ਗਿਆ ਹੈ। ਦੂਜੇ ਪਾਸੇ ਧਨੌਰੀ ਪਿੰਡ ਜੋ ਕਿ ਜੀਂਦ ਜ਼ਿਲੇ ’ਚ ਆਉਂਦਾ ਸੀ ਹੁਣ ਕੈਥਲ ਜ਼ਿਲੇ ਦਾ ਪਿੰਡ ਹੋਵੇਗਾ। ਦੱਸ ਦੇਈਏ ਕਿ ਦੋਵਾਂ ਪਿੰਡਾਂ ਦੇ ਪ੍ਰਤੀ ਲਏ ਗਏ ਫੈਸਲੇ ਵੱਖ-ਵੱਖ ਥਾਵਾਂ ’ਤੇ ਲਏ ਗਏ ਹਨ।

ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਹਰਿਆਣਾ ਕੈਬਨਿਟ ਦੀ ਬੈਠਕ ਹੋਈ, ਜਿਸ ’ਚ ਜੀਂਦ ਦੇ ਧਨੌਰੀ ਪਿੰਡ ਨੂੰ ਕੈਂਥਲ ਜ਼ਿਲੇ ’ਚ ਸ਼ਾਮਲ ਕੀਤੇ ਜਾਣ ਦੇ ਫੈਸਲੇ ’ਤੇ ਮੋਹਰ ਲਗਾਈ ਗਈ। ਧਨੌਰੀ ਪਿੰਡ ਜੀਂਦ-ਕੈਥਲ ਜ਼ਿਲੇ ਦੀ ਸੀਮਾ ਦੇ ਨਾਲ ਹੀ ਹਰਿਆਣਾ-ਪੰਜਾਬ ਦੀ ਸੂਬਾ ਸੀਮਾ ਨਾਲ ਲੱਗਦਾ ਹੈ। ਧਨੌਰੀ ਪਿੰਡ ਕੈਥਲ ਤੋਂ 25 ਕਿਲੋਮੀਟਰ ਦੀ ਦੂਰੀ ’ਤੇ ਹੈ। ਜੀਂਦ ਵਾਇਆ ਨਰਵਾਨਾ ਜਾਣ ਲਈ 60 ਕਿਲੋਮੀਟਰ ਦੀ ਦੂਰੀ ਤੈਅ ਕਰਨੀ ਪੈਂਦੀ ਹੈ। ਜ਼ਿਲਾ ਬਦਲਣ ਨਾਲ ਪਿੰਡ ’ਚ ਹੁਣ ਜ਼ਿਲਾ ਪੱਧਰੀ ਕੰਮਾਂ ਲਈ ਲੰਬਾ ਸਫਰ ਨਹੀਂ ਕਰਨਾ ਪਵੇਗਾ। ਕਰਨਾਲ ਜ਼ਿਲੇ ਦੇ ਉਪਮੰਡਲ ਇੰਦਰੀ ’ਚ ਆਉਣ ਵਾਲਾ ਪਿੰਡ ਲੈਡੌਰਾ ਨੂੰ ਹੁਣ ਜੈਰਾਮਪੁਰ ਦੇ ਨਾਂ ਨਾਲ ਜਾਣਿਆ ਜਾਵੇਗਾ। ਪਿੰਡ ਦਾ ਨਾਂ ਬਦਲਣ ’ਤੇ ਸ਼ੁੱਕਰਵਾਰ ਨੂੰ ਪਿੰਡ ਦੇ ਲੋਕਾਂ ਨੇ ਇੱਕਠੇ ਹੋ ਕੇ ਮੰਤਰੀ ਕਰਣਦੇਵ ਦਾ ਧੰਨਵਾਦ ਕੀਤਾ। ਇਸ ਦੌਰਾਨ ਮੰਤਰੀ ਕੰਬੋਜ ਨੇ ਪਿੰਡ ਦਾ ਨਾਂ ਬਦਲਣ ਦਾ ਨੋਟੀਫਿਕੇਸ਼ਨ ਦੀ ਕਾਪੀ ਪਿੰਡ ਵਾਸੀਆਂ ਦੀ ਮੌਜੂਦਗੀ ’ਚ ਸਰਪੰਚ ਮਨੋਜ ਸੇਤੀਆ ਨੂੰ ਸੌਂਪੀ।

ਇਸ ਮਾਮਲੇ ’ਚ ਪਿੰਡ ਦੇ 25 ਸਾਲਾ ਤੱਕ ਸਰਪੰਚ ਰਹੇ ਜੈਰਾਮ ਦੇ ਨਾਂ ’ਤੇ ਪਿੰਡ ਦਾ ਨਾਂ ਰੱਖਿਆ ਗਿਆ ਹੈ, ਇਸ ਨੂੰ ਲੈ ਕੇ ਪਿੰਡ ਦੇ ਲੋਕਾਂ ’ਚ ਕਾਫੀ ਉਤਸ਼ਾਹ ਦਾ ਮਾਹੌਲ ਹੈ। ਪਿੰਡ ਦਾ ਨਾਂ ਲੈਣ ’ਚ ਸਭ ਤੋਂ ਜ਼ਿਆਦਾ ਸਮੱਸਿਆ ਪਿੰਡ ਦੀਆਂ ਔਰਤਾਂ ਨੂੰ ਹੁੰਦੀ ਸੀ। ਪੂਰੇ ਪਿੰਡ ਵੱਲੋਂ ਸਾਬਕਾ ਸਰਪੰਚ ਦੀ ਪਤਨੀ ਪਰਮੇਸ਼ਵਰੀ ਦੇਵੀ ਨੇ ਮੰਤਰੀ ਕੰਬੋਜ ਦਾ ਸਵਾਗਤ ਕੀਤਾ। ਸਰਪੰਚ ਮਨੋਜ ਸੇਤੀਆ ਨੇ ਦੱਸਿਆ ਹੈ ਕਿ ਪਿੰਡ ਲੈਡੌਰਾ ਅਤੇ ਮਾਖੂਮਾਜਰਾ ਸੰਯੁਕਤ ਪੰਚਾਇਤ ਦੇ 25 ਸਾਲਾ ਤੱਕ ਸਰਪੰਚ ਰਹੇ ਜੈਰਾਮ ਪਿੰਡ ਦੇ ਲੜਾਈ ਝਗੜੇ ਪੁਲਸ ਦੀ ਬਜਾਏ ਪਿੰਡ ’ਚ ਹੀ ਨਿਪਟਾਉਂਦੇ ਸਨ। ਉਨ੍ਹਾਂ ਦੇ ਨਾਂ ’ਤੇ ਪਿੰਡ ਦਾ ਨਾਂ ਰੱਖਣ ’ਤੇ ਅੱਜ ਪਿੰਡ ਵਾਸੀ ਮਾਣ ਮਹਿਸੂਸ ਕਰ ਰਹੇ ਹਨ।

ਮੰਤਰੀ ਕਰਣਦੇਵ ਕੰਬੋਜ ਨੇ ਦੱਸਿਆ ਹੈ ਕਿ ਵਿਧਾਇਕ ਬਣਨ ਤੋਂ ਬਾਅਦ ਜਦੋਂ ਮੈਂ ਇਸ ਪਿੰਡ ’ਚ ਲੰਘਦਾ ਸੀ ਤਾਂ ਮੈਨੂੰ ਪਿੰਡ ਦਾ ਨਾਂ ਭੱਦਾ ਜਿਹਾ ਲੱਗਦਾ ਸੀ। ਇਸ ਬਾਰੇ ’ਚ ਸਰਪੰਚ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਪਿਛਲੀ ਸਰਕਾਰ ’ਚ ਨਾਂ ਬਦਲਣ ਦੀ ਗੁਹਾਰ ਲਗਾ ਕੇ ਥੱਕ ਚੁੱਕੇ ਹਨ, ਹੁਣ ਕੋਈ ਵੀ ਉਮੀਦ ਨਹੀਂ ਲੱਗਦੀ। ਇਸ ਤੋਂ ਬਾਅਦ ਸਰਪੰਚ ਨੂੰ ਪਿੰਡ ਪੰਚਾਇਤ ਵੱਲੋਂ ਪ੍ਰਸਤਾਵ ਦੇਣ ਨੂੰ ਕਿਹਾ ਗਿਆ ਅਤੇ ਨਾਂ ਬਦਲਣ ਦੀ ਪ੍ਰਕਿਰਿਆ ਸ਼ੁਰੂ ਕੀਤੀ। ਉਨ੍ਹਾਂ ਨੇ ਦੱਸਿਆ ਕਿ ਪਿੰਡ ਦਾ ਨਾਂ ਬਦਲਾਉਣ ’ਚ ਵੱਖ-ਵੱਖ ਪ੍ਰਕਾਰ ਦੀਆਂ ਸਮੱਸਿਆਵਾਂ ਆਈਆ ਪਰ ਮੈਂ ਖੁਦ ਅਧਿਕਾਰੀਆਂ ਨਾਲ ਇਸ ’ਤੇ ਅਪਡੇਟ ਲੈਂਦਾ ਰਿਹਾ। ਲਗਭਗ 9 ਵਿਭਾਗਾਂ ਤੋਂ ਕਲੀਅਰੈਂਸ ਮਿਲਣ ਤੋਂ ਬਾਅਦ ਪਿੰਡ ਦਾ ਨਾਂ ਬਦਲਿਆ ਗਿਆ। ਇਸ ਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਜਾ ਚੁੱਕਾ ਹੈ, ਜਿਸ ਨੂੰ ਅੱਜ ਸਰਪੰਚ ਨੂੰ ਸੌਂਪਿਆ ਗਿਆ।


Iqbalkaur

Content Editor

Related News