ਚੰਦਰਯਾਨ-3 ਮਿਸ਼ਨ : ਪ੍ਰਗਿਆਨ ਰੋਵਰ ਨੇ ਵਿਕਰਮ ਲੈਂਡਰ ਦੀ ਖਿੱਚੀ ਤਸਵੀਰ

08/30/2023 5:54:27 PM

ਚੇਨਈ (ਵਾਰਤਾ)- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਚੰਨ ਦੇ ਦੱਖਣੀ ਧਰੁਵ 'ਚ ਉਤਰਨ ਤੋਂ ਬਾਅਦ ਪ੍ਰਗਿਆਨ ਰੋਵਰ ਵਲੋਂ ਖਿੱਚੀ ਗਈ ਵਿਕਰਮ ਲੈਂਡਰ ਦੀ ਬੁੱਧਵਾਰ ਨੂੰ ਤਸਵੀਰ ਜਾਰੀ ਕੀਤੀ। ਇਹ ਤਸਵੀਰ ਰੋਵਰ 'ਤੇ ਲੱਗੇ ਨੇਵੀਗੇਸ਼ਨ ਕੈਮਰੇ (ਨਵਕੈਮ) ਵਲੋਂ ਲਈ ਗਈ ਹੈ। ਇਸਰੋ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' ਦੇ ਅਧਿਕਾਰਤ ਹੈਂਡਲ 'ਤੇ ਕਿਹਾ,''ਚੰਦਰਯਾਨ-3 ਮਿਸ਼ਨ : ਕ੍ਰਿਪਾ ਮੁਸਕੁਰਾਓ! ਪ੍ਰਗਿਆਨ ਰੋਵਰ ਨੇ ਅੱਜ ਸਵੇਰੇ ਵਿਕਰਮ ਲੈਂਡਰ ਦੀ ਇਕ ਤਸਵੀਰ ਕਲਿੱਕ ਕੀਤੀ। ਮਿਸ਼ਨ ਦੀ ਤਸਵੀਰ ਰੋਵਰ 'ਤੇ ਲੱਗੇ ਨੇਵੀਗੇਸ਼ਨ ਕੈਮਰੇ (ਨਵਕੈਮ) ਨੇ ਲਈ ਹੈ।'' ਚੰਦਰਯਾਨ-3 ਮਿਸ਼ਨ ਲਈ ਨਵਕੈਮ ਨੂੰ ਇਲੈਕਟ੍ਰੋ-ਆਪਟਿਕਸ ਸਿਸਟਮ ਪ੍ਰਯੋਗਸ਼ਾਲਾ (ਐੱਲ.ਈ.ਓ.ਐੱਸ.) ਵਲੋਂ ਵਿਕਸਿਤ ਕੀਤਾ ਗਿਆ ਹੈ। ਪ੍ਰਣੋਦਨ ਮਾਡਿਊਲ ਤੋਂ ਵੱਖ ਹੋਣ ਤੋਂ ਬਾਅਦ 23 ਅਗਸਤ ਨੂੰ ਸ਼ਾਮ 6.04 ਵਜੇ ਵਿਕਰਮ ਲੈਂਡਰ ਸਫ਼ਲਤਾਪੂਰਵਕ ਚੰਨ ਦੀ ਸਤਿਹ 'ਤੇ ਉਤਰਿਆ। ਕੁਝ ਘੰਟਿਆਂ ਬਾਅਦ ਵਿਕਰਮ ਦੇ ਅੰਦਰੋਂ ਰੋਵਰ ਪ੍ਰਗਿਆਨ ਬਾਹਰ ਨਿਕਲਿਆ ਅਤੇ ਚਹਿਲਕਦਮੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਚੰਦਰਯਾਨ-3: ISRO ਨੇ ਸਾਂਝੀ ਕੀਤੀ ਵੱਡੀ ਅਪਡੇਟ, ਹੁਣ ਤਕ ਚੰਨ 'ਤੇ ਸਲਫ਼ਰ ਸਮੇਤ ਮਿਲੀਆਂ ਇਹ ਚੀਜ਼ਾਂ

ਐੱਲ.ਈ.ਓ.ਐੱਸ. ਨੇ ਚੰਦਰਯਾਨ-3 ਰੋਵਰ 'ਤੇ ਲੇਜਰ ਪ੍ਰੇਰਿਤ ਬ੍ਰੇਕਡਾਊਨ ਸਪੇਕਟ੍ਰੋਸਕੋਪੀ (ਐੱਲ.ਆਈ.ਬੀ.ਐੱਸ.) ਉਪਕਰਣ ਵੀ ਵਿਕਸਿਤ ਕੀਤਾ ਹੈ, ਜਿਸ ਨੇ ਦੱਖਣੀ ਧਰੁਵ ਕੋਲ ਚੰਨ ਦੀ ਸਤਿਹ ਦੀ ਮੌਲਿਕ ਢਾਂਚੇ 'ਤੇ ਪਹਿਲੀ ਵਾਰ ਇਨ-ਸੀਟੂ ਮਾਪ ਕੀਤਾ ਹੈ। ਅੱਜ ਯਾਨੀ 30 ਅਗਸਤ ਨੂੰ ਪ੍ਰਗਿਆਨ ਦਾ ਚੰਨ 'ਤੇ 8ਵਾਂ ਦਿਨ ਹੈ। ਇਸਰੋ ਨੇ ਚੰਦਰਯਾਨ-3 ਰਾਹੀਂ ਵੱਡੀ ਖੋਜ ਕੀਤੀ ਹੈ। ਰੋਵਰ ਪ੍ਰਗਿਆਨ ਦੇ ਪੇਲੋਡ ਨੇ ਚੰਨ 'ਤੇ ਆਕਸੀਜਨ ਅਤੇ ਸਲਫ਼ਰ ਸਮੇਤ ਹੋਰ ਪਦਾਰਥਾਂ ਦੀ ਮੌਜੂਦਗੀ ਦਾ ਪਤਾ ਲਗਾਇਆ ਹੈ। ਪ੍ਰਗਿਆਨ ਨੇ ਚੰਦਰਮਾ ਦੇ ਦੱਖਣੀ ਧਰੁਵੀ ਖੇਤਰ 'ਚ ਐਲੂਮੀਨੀਅਮ, ਸਲਫ਼ਰ, ਕੈਲਸ਼ੀਅਮ, ਲੋਹਾ, ਕ੍ਰੋਮੀਅਮ ਅਤੇ ਟਾਈਟੇਨਿਯਮ ਸਮੇਤ ਕਈ ਰਸਾਇਣਕ ਪਦਾਰਥਾਂ ਦੀ ਮੌਜੂਦਗੀ ਦੀ ਖੋਜ ਕੀਤੀ ਹੈ ਅਤੇ ਹਾਈਡ੍ਰੋਜਨ ਦੀ ਖੋਜ ਜਾਰੀ ਹੈ। ਇਸ ਦੇ ਨਾਲ ਹੀ ਪ੍ਰਗਿਆਨ ਨੇ ਚੰਨ ਦੀ ਸਤਿਹ 'ਤੇ ਤਾਪਮਾਨ ਦਾ ਮਾਪ ਕੀਤਾ ਹੈ। ਭਾਰਤ ਚੰਨ ਦੇ ਦੱਖਣੀ ਧਰੁਵ 'ਤੇ ਉਤਰਨ ਵਾਲਾ ਪਹਿਲਾ ਦੇਸ਼ ਹੈ। ਅਜਿਹੇ 'ਚ ਚੰਦਰਯਾਨ-3 ਤੋਂ ਮਿਲਣ ਵਾਲੇ ਡਾਟਾ 'ਤੇ ਵਿਸ਼ਵ ਦੀਆਂ ਨਜ਼ਰਾਂ ਟਿਕੀਆਂ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News