ਚੰਦਰਯਾਨ-3 ਨਾਲ ਭਾਰਤ ਨੇ ਪੁਲਾੜ ਖੇਤਰ ''ਚ ਪੁੱਟੀ ਵੱਡੀ ਪੁਲਾਂਘ: ਅਨੁਰਾਗ

Wednesday, Aug 23, 2023 - 04:41 PM (IST)

ਚੰਦਰਯਾਨ-3 ਨਾਲ ਭਾਰਤ ਨੇ ਪੁਲਾੜ ਖੇਤਰ ''ਚ ਪੁੱਟੀ ਵੱਡੀ ਪੁਲਾਂਘ: ਅਨੁਰਾਗ

ਜੈਪੁਰ- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਨੇ ਪੁਲਾੜ ਖੇਤਰ 'ਚ ਵੱਡੀ ਪੁਲਾਂਘ ਪੁੱਟੀ ਹੈ ਅਤੇ ਅੱਜ ਚੰਦਰਮਾ 'ਤੇ ਚੰਦਰਯਾਨ-3 ਦੀ ਸਾਫਟ ਲੈਂਡਿੰਗ ਨਾਲ ਇਕ ਵੱਡਾ ਬਦਲਾਅ ਆਵੇਗਾ। ਕੇਂਦਰੀ ਖੇਡ ਅਤੇ ਯੁਵਾ ਮਾਮਲਿਆਂ ਦੇ ਮੰਤਰੀ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੰਦਰਯਾਨ-3 ਦੀ ਸਫ਼ਲ ਲੈਂਡਿੰਗ ਭਾਰਤ ਨੂੰ ਉਨ੍ਹਾਂ 3-4 ਦੇਸ਼ਾਂ ਦੇ ਸਮੂਹ 'ਚ ਖੜ੍ਹਾ ਕਰ ਦੇਵੇਗਾ, ਜਿਨ੍ਹਾਂ ਨੇ ਪੁਲਾੜ ਦੇ ਖੇਤਰ ਵਿਚ ਯੋਗਦਾਨ ਪਾਇਆ ਹੈ। 

ਅਨੁਰਾਗ ਨੇ ਅੱਗੇ ਕਿਹਾ ਕਿ ਚੰਦਰਯਾਨ-3 ਲਈ ਆਪਣੀਆਂ ਸ਼ੁੱਭਕਾਮਨਾਵਾਂ ਦੇਣ ਵਾਲੇ 140 ਕਰੋੜ ਭਾਰਤੀਆਂ 'ਚ ਮੈਂ ਵੀ ਸ਼ਾਮਲ ਹਾਂ। ਭਾਰਤ ਨੇ ਪੁਲਾੜ ਖੇਤਰ 'ਚ ਇਕ ਲੰਬੀ ਪੁਲਾਂਘ ਪੁੱਟੀ ਹੈ ਅਤੇ ਅਸੀਂ ਸਾਰੇ ਉਸ ਪਲ ਦੀ ਉਡੀਕ ਕਰ ਰਹੇ ਹਾਂ, ਜਦੋਂ ਚੰਦਰਯਾਨ-3 ਸਫ਼ਲਤਾਪੂਰਵਕ ਲੈਂਡ ਕਰੇਗਾ। ਠਾਕੁਰ ਮੁਤਾਬਕ ਜੇਕਰ ਅਸੀਂ ਹਾਲ ਦੇ ਦਿਨਾਂ 'ਤੇ ਗੌਰ ਕਰੀਏ ਤਾਂ ਜਦੋਂ ਤੋਂ ਅਸੀਂ ਪੁਲਾੜ ਨੀਤੀ ਵਿਚ ਬਦਲਾਅ ਕੀਤਾ ਅਤੇ ਇਸ ਨੂੰ ਨਿੱਜੀ ਖੇਤਰ ਲਈ ਖੋਲ੍ਹਿਆ ਹੈ, ਉਸ ਦੇ 12 ਮਹੀਨੇ ਦੇ ਅੰਦਰ ਨਿੱਜੀ ਖੇਤਰ ਨੇ ਆਪਣਾ ਰਾਕੇਟ ਲਾਂਚ ਕੀਤਾ ਅਤੇ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ।

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਬੁੱਧਵਾਰ ਨੂੰ ਕਿਹਾ ਕਿ ਉਹ ਆਪਣੇ  ਤੀਜੇ ਚੰਦਰਮਾ ਮਿਸ਼ਨ ਚੰਦਰਯਾਨ-3 ਦੇ ਲੈਂਡਰ ਮਾਡਿਊਲ (ਐੱਲਐੱਮ) ਨੂੰ ਚੰਦਰਮਾ ਦੀ ਸਤ੍ਹਾ 'ਤੇ ਲਿਆਉਣ ਲਈ 'ਆਟੋਮੈਟਿਕ ਲੈਂਡਿੰਗ ਸੀਕਵੈਂਸ' (ਏਐੱਲਐੱਸ) ਦੀ ਸ਼ੁਰੂਆਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।


author

Tanu

Content Editor

Related News