ਚੰਦਰਯਾਨ-2 ''ਚ ਸਵਦੇਸ਼ੀ ਹੋਣਗੇ ਸਾਰੇ ਪੇਲੋਡ

05/10/2019 5:40:45 PM

ਬੈਂਗਲੁਰੂ— ਚੰਦਰਮਾ 'ਤੇ ਭਾਰਤ ਦੀ ਦੂਜੀ ਮੁਹਿੰਮ ਚੰਦਯਾਨ-2 'ਚ ਅੰਕੜੇ ਜੁਟਾਉਣ ਅਤੇ ਪ੍ਰਯੋਗ ਆਦਿ ਲਈ ਕੁੱਲ 14 ਪੇਲੋਡ ਭੇਜੇ ਜਾਣਗੇ। ਜੋ ਪੂਰੀ ਤਰ੍ਹਾਂ ਸਵਦੇਸ਼ੀ ਹੋਣਗੇ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਇਹ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਤਿੰਨ ਮਾਡਿਊਲਾਂ 'ਚ ਆਰਬੀਟਰ 'ਤੇ 8 ਲੈਂਡਰ 'ਤੇ ਚਾਰ ਅਤੇ ਰੋਵਰ 'ਤੇ ਦੋ ਪੇਲੋਡ ਹੋਣਗੇ। ਚੰਦਰਯਾਨ ਦਾ ਲਾਂਚ ਇਸ ਸਾਲ 09 ਤੋਂ 16 ਜੁਲਾਈ ਵਿਚਾਲੇ ਕੀਤਾ ਜਾਵੇਗਾ ਅਤੇ ਇਸ ਦੇ ਚੰਦਰਮਾ 'ਤੇ ਪਹੁੰਚਣ ਲਈ 6 ਸਤੰਬਰ ਦਾ ਸਮਾਂ ਤੈਅ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅਕਤੂਬਰ 2008 'ਚ ਭੇਜੇ ਗਏ ਚੰਦਰਯਾਨ-1 'ਚ ਕੁੱਲ 11 ਪੇਲੋਡ ਭੇਜੇ ਗਏ ਸਨ। ਜਿਨ੍ਹਾਂ 'ਚ 6 ਭਾਰਤੀ 3 ਯੂਰਪੀ ਅਤੇ 2 ਅਮਰੀਕੀ ਸਨ। ਇਸਰੋ ਨੇ ਬੁੱਧਵਾਰ ਨੂੰ ਦੱਸਿਆ ਕਿ ਚੰਦਰਯਾਨ-2 ਦੇ ਤਿੰਨ ਮਡਿਊਲਾਂ ਨੂੰ 09 ਤੋਂ 16 ਜੁਲਾਈ ਵਿਚਾਲੇ ਲਾਂਚ ਲਈ ਤਿਆਰ ਕੀਤਾ ਜਾ ਰਿਹਾ ਹੈ। ਇਸ ਦੇ 6 ਸਤੰਬਰ ਨੂੰ ਚੰਦਰਮਾ 'ਤੇ ਪਹੁੰਚਣ ਦੀ ਉਮੀਦ ਹੈ। ਲਾਂਚ ਦੇ ਸਮੇਂ ਆਰਬਿਟਰ ਅਤੇ ਲੈਂਡਰ ਮਡਿਊਲ ਇਕ ਦੂਜੇ ਨਾਲ ਜੁੜੇ ਰਹਿਣਗੇ। ਰੋਵਰ ਨੂੰ ਲੈਂਡਰ ਦੇ ਅੰਦਰ ਰੱਖਿਆ ਜਾਵੇਗਾ। ਲਾਂਚ ਤੋਂ ਬਾਅਦ ਪਹਿਲਾਂ ਇਨ੍ਹਾਂ ਨੂੰ ਧਰਤੀ ਦੇ ਪੰਧ 'ਚ ਸਥਾਪਤ ਕੀਤਾ ਜਾਵੇਗਾ। 

ਬਾਅਦ 'ਚ ਪਹਿਲਾਂ ਤੋਂ ਤੈਅ ਪ੍ਰੋਗਰਾਮ ਅਨੁਸਾਰ ਗ੍ਰਹਿ ਪੰਧ 'ਚ ਤਬਦੀਲੀ ਕਰਕੇ ਇਸ ਨੂੰ ਚੰਦਰਮਾ ਦੇ ਪੰਧ 'ਚ ਸਥਾਪਤ ਕੀਤਾ ਜਾਵੇਗਾ। ਚੰਦਰਮਾ ਦੇ ਪੰਧ 'ਚ ਪਹੁੰਚ ਕੇ ਲੈਂਡਰ ਆਰਬਿਟਰ ਤੋਂ ਅਲੱਗ ਹੋ ਜਾਵੇਗਾ ਅਤੇ ਚੰਦਰਮਾ ਦੇ ਦੱਖਣੀ ਧਰੂਵ ਦੇ ਕੋਲ ਪਹਿਲਾਂ ਤੋਂ ਤੈਅ ਸਥਾਨ 'ਤੇ ਹੌਲੀ-ਹੌਲੀ ਚੰਦਰਮਾ ਦੀ ਸਤਿਹ 'ਤੇ ਉਤਰੇਗਾ। ਇਸ ਨੂੰ ਵਿਕਰਮ ਨਾਮ ਦਿੱਤਾ ਗਿਆ ਹੈ। ਇਸ ਤੋਂ ਬਾਅਦ ਰੋਵਰ ਵੀ ਲੈਂਡਰ ਤੋਂ ਵੱਖ ਹੋ ਜਾਵੇਗਾ ਅਤੇ ਵਿਗਿਆਨੀ ਅੰਕੜੇ ਅਤੇ ਨਮੂਨੇ ਇਕੱਠੇ ਕਰਨ ਲਈ ਚੰਦਰਮਾ ਦੀ ਸਤਿਹ 'ਤੇ ਚੱਕਰ ਲਾਵੇਗਾ। ਇਸ ਨੂੰ ਪ੍ਰਗਿਆਨ ਦਾ ਨਾਮ ਦਿੱਤਾ ਗਿਆ ਹੈ। ਲੈਂਡਰ ਅਤੇ ਆਰਬਿਟਰ ਵਿਗਿਆਨੀ ਖੋਜਾਂ ਲਈ ਯੰਤਰਾਂ ਨਾਲ ਲੈਸ ਹੋਣਗੇ। ਇਸ ਦੌਰਾਨ ਆਰਬਿਟਰ ਚੰਦਰਮਾ ਦੇ ਪੰਧ 'ਚ ਉਸ ਦੀ ਸਤਿਹ 100 ਕਿਲੋਮੀਟਰ ਦੀ ਉਚਾਈ 'ਤੇ ਚੱਕਰ ਲਗਾਉਂਦੇ ਹੋਏ ਉਸਦੇ ਨੇੜੇ ਦੀਆਂ ਤਸਵੀਰਾਂ ਇਕੱਠਾ ਕਰਦਾ ਰਹੇਗਾ। ਇਸ ਮਿਸ਼ਨ ਦਾ ਲਾਂਚ ਸਵਦੇਸ਼ੀ ਲਾਂਚ ਯਾਨ ਜੀ.ਐੱਸ.ਐੱਲ.ਵੀ. ਐੱਮ.ਕੇ.-3 ਦੀ ਮਦਦ ਨਾਲ ਕੀਤਾ ਜਾਵੇਗਾ। ਲਾਂਚ ਯਾਨ ਦਾ ਭਾਰ 3.8 ਟਨ ਹੋਵੇਗਾ। ਚੰਦਰਯਾਨ-1 ਦੇ ਲਾਂਚ ਲਈ ਪੀ.ਐੱਸ.ਐੱਲ.ਵੀ. ਦੀ ਵਰਤੋਂ ਕੀਤੀ ਗਈ ਸੀ। ਚੰਦਰਯਾਨ-1 ਚੰਦਰਮਾ ਦੀ ਸਤਿਹ 'ਤੇ ਪਾਣੀ ਦੀ ਮੌਜੂਦਗੀ ਖੋਜਣ 'ਚ ਸਫ਼ਲ ਰਿਹਾ ਸੀ।


DIsha

Content Editor

Related News