ਚੰਦਰਬਾਬੂ ਨਾਇਡੂ ਦਾ ਡਰਾਮਾ, ਪੁਲਸ ਤੋਂ ਨਾਰਾਜ਼ ਹੋ ਕੇ ਹਵਾਈ ਅੱਡੇ ਦੇ ਬਾਹਰ ਧਰਨੇ ''ਤੇ ਬੈਠੇ
Monday, Mar 01, 2021 - 02:02 PM (IST)
ਤਿਰੂਪਤੀ- ਆਂਧਰਾ ਪ੍ਰਦੇਸ਼ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਐੱਨ. ਚੰਦਰਬਾਬੂ ਨਾਇਡੂ ਸੋਮਵਾਰ ਨੂੰ ਰੇਨੀਗੁੰਟਾ 'ਚ ਤਿਰੂਪਤੀ ਹਵਾਈ ਅੱਡੇ ਦੇ ਆਗਮਨ ਲਾਊਂਜ 'ਚ ਧਰਨੇ 'ਤੇ ਬੈਠ ਗਏ। ਪੁਲਸ ਉਨ੍ਹਾਂ ਨੂੰ ਸ਼ਹਿਰ 'ਚ ਪ੍ਰਵੇਸ਼ ਤੋਂ ਰੋਕਣ ਲਈ ਹਿਰਾਸਤ 'ਚ ਲੈਣਾ ਚਾਅ ਰਹੀ ਸੀ। ਤੇਲੁਗੂ ਦੇਸ਼ਮ ਪਾਰਟੀ (ਤੇਦੇਪਾ) ਦੇ ਪ੍ਰਧਾਨ ਨੇ ਪੁਲਸ ਅਧਿਕਾਰੀਆਂ ਨਾਲ ਬਹਿਸ ਕੀਤੀ ਅਤੇ ਇਹ ਜਾਣਨਾ ਚਾਹਿਆ ਕਿ ਉਨ੍ਹਾਂ ਨੂੰ ਤਿਰੂਪਤੀ ਅਤੇ ਚਿਤੂਰ ਜਾਣ ਤੋਂ ਕਿਉਂ ਰੋਕਿਆ ਜਾ ਰਿਹਾ ਹੈ। ਹੈਦਰਾਬਾਦ ਤੋਂ ਤਿਰੂਪਤੀ ਹਵਾਈ ਅੱਡੇ ਪਹੁੰਚੇ ਨਾਇਡੂ ਸਥਾਨਕ ਬਾਡੀ ਦੇ ਅਧਿਕਾਰੀਆਂ ਦੀ 'ਜ਼ਿਆਦਤੀ' ਦੇ ਵਿਰੁੱਧ ਤਿਰੂਪਤੀ 'ਚ ਵਿਰੋਧ ਪ੍ਰਦਰਸ਼ਨ 'ਚ ਹਿੱਸਾ ਲੈਣ ਆਏ ਸਨ। ਪੁਲਸ ਨੇ ਹਾਲਾਂਕਿ (ਸ਼ਹਿਰੀ ਸਥਾਨਕ ਬਾਡੀ) ਚੋਣਾਂ ਕਾਰਨ ਲਾਗੂ ਚੋਣ ਜ਼ਾਬਤਾ ਅਤੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪ੍ਰਦਰਸ਼ਨ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਤਿਰੂਪਤੀ ਨਗਰ ਨਿਗਮ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਕਥਿਤ ਤੌਰ 'ਤੇ ਤੇਦੇਪਾ ਦੇ ਇਕ ਨੇਤਾ ਦੀ ਚਾਹ ਦੀ ਦੁਕਾਨ ਤੋੜ ਦਿੱਤੀ ਸੀ, ਜਿਸ ਦੀ ਪਤਨੀ 10 ਮਾਰਚ ਨੂੰ ਹੋਣ ਵਾਲੀਆਂ ਚੋਣਾਂ 'ਚ ਖੜ੍ਹੀ ਹੈ। ਇਸ ਘਟਨਾ ਦੇ ਵਿਰੋਧ 'ਚ ਤੇਦੇਪਾ ਨੇ ਨਾਇਡੂ ਦੀ ਅਗਵਾਈ 'ਚ ਪ੍ਰਦਰਸ਼ਨ ਦਾ ਫ਼ੈਸਲਾ ਕੀਤਾ ਸੀ। ਪ੍ਰਦਰਸ਼ਨ ਦੀ ਮਨਜ਼ੂਰੀ ਨਾ ਹੋਣ 'ਤੇ ਤਿਰੂਪਤੀ ਅਰਬਨ ਪੁਲਸ ਨੇ ਹਵਾਈ ਅੱਡੇ 'ਤੇ ਤੇਦੇਪਾ ਪ੍ਰਧਾਨ ਨੂੰ ਹਿਰਾਸਤ 'ਚ ਲੈਣਾ ਚਾਹਿਆ। ਇਸ 'ਤੇ ਨਾਰਾਜ਼ ਨਾਇਡੂ ਨੇ ਪੁਲਸ ਅਧਿਕਾਰੀਆਂ ਤੋਂ ਪੁੱਛਿਆ,''ਮੈਂ 14 ਸਾਲਾਂ ਤੱਕ ਮੁੱਖ ਮੰਤਰੀ ਰਿਹਾ ਅਤੇ ਹੁਣ ਵਿਰੋਧੀ ਧਿਰ ਦਾ ਨੇਤਾ ਹਾਂ। ਕੀ ਮੈਨੂੰ ਪ੍ਰਦਰਸ਼ਨ ਕਰਨ ਦਾ ਅਧਿਕਾਰ ਨਹੀਂ ਹੈ? ਮੈਂ ਜਾ ਕੇ ਜ਼ਿਲ੍ਹਾ ਅਧਿਕਾਰੀ ਅਤੇ ਪੁਲਸ ਸੁਪਰਡੈਂਟ ਤੋਂ ਕਿਉਂ ਨਹੀਂ ਮਿਲ ਸਕਦਾ?'' ਇਸ ਤੋਂ ਬਾਅਦ ਨਾਇਡੂ ਏਅਰਪੋਰਟ ਲਾਊਂਜ 'ਚ ਹੀ ਜ਼ਮੀਨ 'ਤੇ ਬੈਠ ਗਏ। ਇਸ ਤੋਂ ਪਹਿਲਾਂ ਤਿਰੂਪਤੀ ਅਤੇ ਚਿਤੂਰ 'ਚ ਨਾਇਡੂ ਦੇ ਦੌਰੇ ਤੋਂ ਪਹਿਲਾਂ ਪੁਲਸ ਨੇ ਜ਼ਿਲ੍ਹੇ ਦੇ ਮੁਖੀ ਤੇਦੇਪਾ ਨੇਤਾਵਾਂ ਨੂੰ ਨਜ਼ਰਬੰਦ ਕਰ ਦਿੱਤਾ ਸੀ।