20 ਸਾਲਾਂ ਬਾਅਦ ਭਾਰਤ ''ਚ ਇਸ ਵਾਇਰਸ ਦਾ ਸਭ ਤੋਂ ਵੱਡਾ ਪ੍ਰਕੋਪ : WHO
Thursday, Aug 29, 2024 - 01:18 PM (IST)
ਨਵੀਂ ਦਿੱਲੀ (ਭਾਸ਼ਾ)- ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਨੇ ਹਾਲ 'ਚ ਕਿਹਾ ਹੈ ਕਿ ਭਾਰਤ 'ਚ ਚਾਂਦੀਪੁਰਾ ਵਾਇਰਸ ਦਾ ਮੌਜੂਦਾ ਪ੍ਰਕੋਪ 20 ਸਾਲਾਂ 'ਚ ਸਭ ਤੋਂ ਜ਼ਿਆਦਾ ਹੈ। ਡਬਲਿਊ.ਐੱਚ.ਓ. ਅਨੁਸਾਰ, ਜੂਨ ਦੀ ਸ਼ੁਰੂਆਤ ਤੋਂ 15 ਅਗਸਤ ਦਰਮਿਆਨ ਸਿਹਤ ਮੰਤਰਾਲਾ ਨੇ 'ਐਕਿਊਟ ਇੰਸੇਫੇਲਾਈਟਿਸ ਸਿੰਡ੍ਰੋਮ' (ਏ.ਈ.ਐੱਸ.) ਦੇ 245 ਮਾਮਲੇ ਦਰਜ ਕੀਤੇ, ਜਿਸ 'ਚ 82 ਲੋਕਾਂ ਦੀ ਮੌਤ ਹੋ ਗਈ। ਭਾਰਤ 'ਚ ਮੌਜੂਦਾ ਸਮੇਂ ਕੁੱਲ 43 ਜ਼ਿਲ੍ਹਿਆਂ 'ਚ ਏ.ਈ.ਐੱਸ. ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਨ੍ਹਾਂ 'ਚ ਚਾਂਦੀਪੁਰਾ ਇੰਫੈਕਸ਼ਨ (ਸੀਐੱਚਪੀਲੀ) ਦੇ 64 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਡਬਲਿਊ.ਐੱਚ.ਓ. ਨੇ 23 ਅਗਸਤ ਨੂੰ ਜਾਰੀ ਕੀਤੇ ਗਏ 'ਰੋਕ ਪ੍ਰਕੋਪ ਸਮਾਚਾਰ' 'ਚ ਕਿਹਾ,''ਸੀ.ਐੱਚ.ਪੀ.ਵੀ. ਭਾਰਤ 'ਚ ਸਥਾਨਕ ਹੈ ਅਤੇ ਪਹਿਲੇ ਵੀ ਇਸ ਦਾ ਪ੍ਰਕੋਪ ਨਿਯਮਿਤ ਰੂਪ ਨਾਲ ਹੁੰਦਾ ਰਿਹਾ ਹੈ ਪਰ ਦੇਸ਼ 'ਚ ਚਾਂਦੀਪੁਰਾ ਵਾਇਰਸ ਇਹ ਪ੍ਰਕੋਪ 20 ਸਾਲਾਂ 'ਚ ਸਭ ਤੋਂ ਵੱਡਾ ਹੈ।''
ਦੱਸਣਯੋਗ ਹੈ ਕਿ ਗੁਜਰਾਤ 'ਚ ਹਰ ਚਾਰ ਤੋਂ 5 ਸਾਲ 'ਚ ਸੀ.ਐੱਚ.ਪੀ.ਵੀ. ਪ੍ਰਕੋਪ 'ਚ ਵਾਧਾ ਦੇਖਿਆ ਜਾ ਰਿਹਾ ਹੈ। ਚਾਂਦੀਪੁਰਾ ਵਾਇਰਸ (ਸੀ.ਐੱਚ.ਪੀ.ਵੀ.) ਰੈਬਡੋਵਿਰਿਡੇ ਪਰਿਵਾਰ ਦਾ ਇਕ ਮੈਂਬਰ ਹੈ, ਜੋ ਦੇਸ਼ ਦੇ ਪੱਛਮੀ, ਮੱਧ ਅਤੇ ਦੱਖਣੀ ਹਿੱਸਿਆਂ 'ਚ ਖ਼ਾਸ ਕਰ ਕੇ ਮਾਨਸੂਨ ਦੌਰਾਨ ਛੋਟੇ-ਮੋਟੇ ਮਾਮਲਿਆਂ ਅਤੇ ਪ੍ਰਕੋਪਾਂ ਦਾ ਕਾਰਨ ਬਣਦਾ ਹੈ। ਇਹ 'ਸੈਂਡ ਫਲਾਈ' ਅਤੇ 'ਟਿਕਸ' ਵਰਗੇ ਰੋਗਵਾਹਕ ਕੀਟਾਂ ਨਾਲ ਫੈਲਦਾ ਹੈ। ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਪੀੜਤਾਂ ਨੂੰ ਜਲਦ ਤੋਂ ਜਲਦ ਇਲਾਜ ਮੁਹੱਈਆ ਕਰਵਾ ਕੇ ਜਿਊਂਦੇ ਰਹਿਣ ਦੀ ਸੰਭਾਵਨਾ ਨੂੰ ਵਧਾਇਆ ਜਾ ਸਕਦਾ ਹੈ। ਇਸ 'ਚ ਕਿਹਾ ਗਿਆ ਹੈ ਕਿ ਜਿਹੜੇ ਖੇਤਰਾਂ 'ਚ ਇਸ ਸੰਕਰਮਣ ਦੇ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ, ਉੱਥੇ ਨਿਗਰਾਨੀ ਕੋਸ਼ਿਸ਼ਾਂ ਨੂੰ ਵਧਾਇਆ ਜਾਣਾ ਚਾਹੀਦਾ ਅਤੇ ਇੰਫੈਕਟਿਡ ਲੋਕਾਂ ਦਾ ਸਮੇਂ 'ਤੇ ਇਲਾਜ ਕਰਵਾਉਣਾ ਚਾਹੀਦਾ। ਡਬਲਿਊ.ਐੱਚ.ਓ. ਨੇ ਕਿਹਾ ਕਿ 19 ਜੁਲਾਈ ਤੋਂ ਹਰ ਦਿਨ ਏ.ਈ.ਐੱਸ. ਮਾਮਲਿਆਂ ਦੀ ਕਮੀ ਆਈ ਹੈ। ਆਂਧਰਾ ਪ੍ਰਦੇਸ਼ 'ਚ ਸਾਲ 2003 'ਚ ਏ.ਈ.ਐੱਸ. ਦਾ ਵੱਡਾ ਪ੍ਰਕੋਪ ਦੇਖਿਆ ਗਿਆ ਸੀ, ਜਿਸ 'ਚ 329 ਮਾਮਲੇ ਸਾਹਮਣੇ ਆਏ ਸਨ ਅੇਤ 183 ਮੌਤਾਂ ਹੋਈਆਂ ਸਨ। ਇਕ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਇਹ ਚਾਂਦੀਪੁਰਾ ਵਾਇਰਸ ਕਾਰਨ ਹੋਇਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8