ਚੰਦਾ ਕੋਚਰ : ਬੈਂਕਿੰਗ ਸੈਕਟਰ ਦੇ ਚਮਕਦੇ ਸਿਤਾਰੇ ਨੂੰ ਲੱਗਾ ‘ਗ੍ਰਹਿਣ’

Monday, Feb 04, 2019 - 10:19 AM (IST)

ਚੰਦਾ ਕੋਚਰ : ਬੈਂਕਿੰਗ ਸੈਕਟਰ ਦੇ ਚਮਕਦੇ ਸਿਤਾਰੇ ਨੂੰ ਲੱਗਾ ‘ਗ੍ਰਹਿਣ’

ਨਵੀਂ ਦਿੱਲੀ — ਛੋਟੇ-ਛੋਟੇ ਕਦਮਾਂ ਨਾਲ ਮੰਜ਼ਿਲ ਤੱਕ ਪੁੱਜਣ  ਦਾ ਭਰੋਸਾ ਰੱਖਣ ਵਾਲੀ ਆਈ. ਸੀ. ਆਈ. ਸੀ. ਆਈ.  ਬੈਂਕ ਦੀ ਸਾਬਕਾ ਐੱਮ. ਡੀ.  ਅਤੇ ਸੀ. ਈ. ਓ.  ਚੰਦਾ ਕੋਚਰ  ਦਾ ਜੀਵਨ ਅਤੇ ਕਰੀਅਰ ਇਕ ਸਾਲ ਪਹਿਲਾਂ ਤੱਕ ਸਿਰਫ  ਚੋਟੀ  ਵੱਲ ਹੀ ਵਧ ਰਿਹਾ ਸੀ।  ਉਨ੍ਹਾਂ ਉਹ ਮੁਕਾਮ ਵੀ ਹਾਸਲ ਕੀਤਾ,  ਜਿਨ੍ਹਾਂ  ਬਾਰੇ ਉਨ੍ਹਾਂ ਸ਼ਾਇਦ ਸੁਪਨੇ ’ਚ ਵੀ ਨਹੀਂ ਸੋਚਿਆ ਸੀ ਪਰ ਦੋਵਾਂ ਹੱਥਾਂ ਨਾਲ ਦੌਲਤ ਅਤੇ ਸ਼ੌਹਰਤ  ਦੇ ਨਜ਼ਰਾਨੇ ਲੁਟਾਉਣ ਵਾਲੀ ਦੁਨੀਆ ਜਦੋਂ ਲੈਣ ’ਤੇ ਆਈ ਤਾਂ ਉਨ੍ਹਾਂ ਦੀ ਨੌਕਰੀ ਅਤੇ ਰੁਤਬਾ ਹੀ ਨਹੀਂ, ਸਗੋਂ ਮਾਣ-ਸਨਮਾਨ ਤੱਕ ਲੈ ਗਈ।  ਚੰਦਾ ਦੇ ਕਰੀਅਰ ’ਤੇ ਅਜਿਹਾ  ਗ੍ਰਹਿਣ ਲੱਗਾ ਕਿ ਉਨ੍ਹਾਂ ’ਤੇ ਕਈ ਮਾਮਲੇ ਦਰਜ ਹੋ ਗਏ। 

ਰਾਜਸਥਾਨ  ਦੇ ਜੋਧਪੁਰ ’ਚ 17 ਨਵੰਬਰ,  1961 ਨੂੰ ਜਨਮੀ ਚੰਦਾ ਕੋਚਰ   ਦੇ ਪਿਤਾ ਰੂਪਚੰਦ ਅਡਵਾਨੀ ਜੈਪੁਰ ਇੰਸਟੀਚਿਊਟ ਆਫ ਟੈਕਨਾਲੋਜੀ  ਦੇ ਪ੍ਰਿੰਸੀਪਲ ਅਤੇ ਮਾਂ ਹਾਊਸ  ਵਾਈਫ ਸੀ।  ਜੈਪੁਰ  ਦੇ ਸੇਂਟ ਏਂਜੇਲਾ ਸੋਫੀਆ ਸਕੂਲ ਤੋਂ ਪੜ੍ਹਾਈ ਪੂਰੀ ਕਰਨ ਦੌਰਾਨ ਹੀ ਚੰਦਾ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ।  ਉਸ ਸਮੇਂ ਉਨ੍ਹਾਂ ਦੀ ਉਮਰ ਸਿਰਫ 13 ਸਾਲ ਸੀ।  ਪੜ੍ਹਾਈ ’ਚ ਹਮੇਸ਼ਾ ਚੰਗਾ ਪ੍ਰਦਰਸ਼ਨ ਕਰਨ ਵਾਲੀ ਚੰਦਾ ਸਿਵਲ ਸਰਵਿਸਿਜ਼ ’ਚ ਜਾਣਾ ਚਾਹੁੰਦੀ ਸੀ ਪਰ ਫਿਰ ਉਨ੍ਹਾਂ ਨੇ ਫਾਈਨਾਂਸ ਦਾ ਰੁਖ ਕੀਤਾ ਅਤੇ ਮੁੰਬਈ  ਦੇ ਜੈ ਹਿੰਦ ਕਾਲਜ ਤੋਂ ਬੀ. ਕਾਮ.  ਕਰਨ  ਤੋਂ ਬਾਅਦ ਇੰਸਟੀਚਿਊਟ ਆਫ ਕੋਸਟ ਅਕਾਊਂਟੈਂਟ ਆਫ ਇੰਡੀਆ  ਤੋਂ ਪੜ੍ਹਾਈ ਕੀਤੀ। ਉਨ੍ਹਾਂ ਨੇ ਵੱਕਾਰੀ ਜਮਨਾਲਾਲ ਬਜਾਜ  ਇੰਸਟੀਚਿਊਟ ਆਫ ਮੈਨੇਜਮੈਂਟ ਸਟੱਡੀਜ਼ ਤੋਂ ਮਾਸਟਰਜ਼ ਦੀ ਡਿਗਰੀ ਹਾਸਲ ਕੀਤੀ।  ਉਨ੍ਹਾਂ ਦੀ ਸਿੱਖਿਆ ਉਨ੍ਹਾਂ  ਦੇ  ਜੀਵਨ ’ਚ ਪਹਿਲੀ ਸੁਨਹਿਰੀ ਸਫਲਤਾ ਲੈ ਕੇ ਆਈ,  ਜਦੋਂ ਉਨ੍ਹਾਂ ਨੂੰ ਮੈਨੇਜਮੈਂਟ ਸਟੱਡੀਜ਼ ਅਤੇ ਅਕਾਊਂਟੈਂਸੀ ’ਚ ਸ਼ਾਨਦਾਰ ਪ੍ਰਦਰਸ਼ਨ ਲਈ ਗੋਲਡ ਮੈਡਲ ਦਿੱਤਾ ਗਿਆ।

ਦੀਪਕ ਨੇ ਚੰਦਾ ਸਾਹਮਣੇ ਰੱਖਿਆ ਵਿਆਹ ਦਾ ਪ੍ਰਸਤਾਵ

ਮਾਸਟਰਜ਼ ਦੀ ਪੜ੍ਹਾਈ  ਦੌਰਾਨ ਹੀ ਚੰਦਾ ਦੀ ਪਛਾਣ ਦੀਪਕ ਕੋਚਰ  ਨਾਲ ਹੋਈ ਅਤੇ ਦੋਵਾਂ ਦੀ ਚੰਗੀ ਦੋਸਤੀ ਹੋ ਗਈ।  ਕਾਲਜ  ਦੇ ਆਖਰੀ ਦਿਨ ਦੀਪਕ ਨੇ ਚੰਦਾ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਿਆ, ਜਿਸ ਨੂੰ ਉਨ੍ਹਾਂ ਨੇ ਸਵੀਕਾਰ ਨਹੀਂ ਕੀਤਾ।  ਇਸ ਦੌਰਾਨ ਦੋਵੇਂ ਚੰਗੇ ਦੋਸਤ ਬਣੇ ਰਹੇ।  ਫਿਰ 2 ਸਾਲ ਬਾਅਦ ਚੰਦਾ ਨੇ ਦੀਪਕ  ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਿਆ ਅਤੇ ਕੁੱਝ ਹੀ ਸਮੇਂ ਬਾਅਦ ਦੋਵਾਂ ਨੇ ਵਿਆਹ ਕਰ ਲਿਅਾ।    

ਆਈ. ਸੀ. ਆਈ. ਸੀ. ਆਈ.  ਬੈਂਕ ’ਚ ਮੈਨੇਜਮੈਂਟ ਟਰੇਨੀ  ਦੇ ਤੌਰ ’ਤੇ ਰੱਖਿਆ ਕਦਮ   

ਕਰੀਅਰ  ਦੇ ਸਫਰ ਦੀ ਗੱਲ ਕਰੀਏ ਤਾਂ ਸਾਲ 1984 ’ਚ ਚੰਦਾ ਨੇ ਆਈ. ਸੀ. ਆਈ. ਸੀ. ਆਈ.  ਬੈਂਕ ’ਚ ਮੈਨੇਜਮੈਂਟ ਟਰੇਨੀ  ਦੇ ਤੌਰ ’ਤੇ ਕਦਮ   ਰੱਖਿਆ ਅਤੇ ਇਥੋਂ ਉਨ੍ਹਾਂ  ਦੇ  ਸੁਪਨਿਆਂ ਨੂੰ ਖੰਭ ਲੱਗਣੇ ਸ਼ੁਰੂ ਹੋਏ।  ਇਸ ਦੌਰਾਨ ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਦਿੱਤੀ ਗਈ, ਉਨ੍ਹਾਂ ਨੇ ਉਸ ਨੂੰ ਬਾਖੂਬੀ ਨਿਭਾਇਆ ਅਤੇ ਆਪਣੀ ਪ੍ਰਤਿਭਾ  ਦੇ ਦਮ ’ਤੇ ਬੈਂਕਿੰਗ ਸੈਕਟਰ ’ਤੇ ਹੌਲੀ-ਹੌਲੀ ਉਨ੍ਹਾਂ ਦੀ ਪਕੜ ਮਜ਼ਬੂਤ ਹੋਣ ਲੱਗੀ।  1994 ’ਚ ਆਈ. ਸੀ. ਆਈ. ਸੀ. ਆਈ.  ਨਿਰਪੱਖ ਮਲਕੀਅਤ ਵਾਲੀ ਬੈਂਕਿੰਗ ਕੰਪਨੀ ਬਣ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅਸਿਸਟੈਂਟ ਜਨਰਲ ਮੈਨੇਜਰ ਦੀ ਵੱਡੀ ਜ਼ਿੰਮੇਵਾਰੀ ਸੌਂਪੀ ਗਈ।  ਫਿਰ ਉਹ ਡਿਪਟੀ ਜਨਰਲ ਮੈਨੇਜਰ,  ਜਨਰਲ ਮੈਨੇਜਰ,  2001 ’ਚ ਐਗਜ਼ੀਕਿਊਟਿਵ ਡਾਇਰੈਕਟਰ,  ਚੀਫ ਫਾਈਨਾਂਸ਼ੀਅਲ ਅਫਸਰ ਬਣਾਈ ਗਈ।  ਚੰਦਾ ਦੀ ਅਗਵਾਈ ’ਚ ਹੀ ਬੈਂਕ ਨੇ ਰਿਟੇਲ ਬਿਜ਼ਨੈੱਸ ’ਚ ਕਦਮ   ਰੱਖਿਆ ਅਤੇ ਉਸ ਦੀ ਬੇਹੱਦ ਸਫਲਤਾ ਦਾ   ਸਿਹਰਾ ਵੀ ਚੰਦਾ ਨੂੰ ਹੀ ਦਿੱਤਾ ਗਿਆ।  

2018 'ਚ ਸਿਖਰ ਤੋਂ ਉਤਰਨ ਦਾ ਸਿਲਸਿਲਾ ਸ਼ੁਰੂ

ਚੰਦਾ ਦੀ ਕਿਸਮਤ  ਦੇ ਸਿਤਾਰੇ 2018 ਤੱਕ ਬੁਲੰਦੀ ’ਤੇ ਰਹੇ ਪਰ ਉਸ ਤੋਂ ਬਾਅਦ ਜਿਵੇਂ  ਸਿਖਰ ਤੋਂ ਉਤਰਨ ਦਾ ਸਿਲਸਿਲਾ ਸ਼ੁਰੂ ਹੋਇਆ।  ਮਾਰਚ,  2018 ’ਚ ਉਨ੍ਹਾਂ ’ਤੇ ਆਪਣੇ ਪਤੀ ਨੂੰ ਅਾਰਥਿਕ ਫਾਇਦਾ ਪਹੁੰਚਾਉਣ  ਦੇ ਦੋਸ਼ ਲੱਗੇ ਅਤੇ ਮਾਰਚ ’ਚ ਬੈਂਕ ਨੇ ਉਨ੍ਹਾਂ   ਖਿਲਾਫ ਸੁਤੰਤਰ ਜਾਂਚ ਬਿਠਾ ਦਿੱਤੀ।  ਇਸ ਸਭ  ਦੌਰਾਨ ਕੋਚਰ  ਨੇ ਛੁੱਟੀ ’ਤੇ ਜਾਣ ਦਾ ਫੈਸਲਾ ਲਿਆ ਅਤੇ ਫਿਰ ਅਸਤੀਫਾ  ਦੇ ਦਿੱਤਾ।  ਉਸ ਤੋਂ ਬਾਅਦ ਦਾ ਘਟਨਾਕ੍ਰਮ ਉਨ੍ਹਾਂ   ਲਈ ਬਦ ਤੋਂ ਬਦੱਤਰ ਹੁੰਦਾ ਚਲਾ ਗਿਆ।  ਦੋਸ਼ ਸਿੱਧ ਹੋਣ ਤੱਕ ਉਨ੍ਹਾਂ ਨੂੰ ਦੋਸ਼ੀ ਤਾਂ ਨਹੀਂ ਠਹਿਰਾਇਅਾ ਜਾ ਸਕਦਾ ਪਰ ਇੰਨਾ ਤਾਂ ਤੈਅ ਹੈ ਕਿ ਬੈਂਕਿੰਗ ਦੀ ਦੁਨੀਆ ਦਾ ਇਕ ਚਮਕਦਾ ਸਿਤਾਰਾ ਆਪਣੇ ਅੰਤ  ਵੱਲ ਹੈ।  

ਫੋਰਬਸ ਦੀਅਾਂ ਟਾਪ 100 ਔਰਤਾਂ ਦੀ ਸੂਚੀ ’ਚ 20ਵਾਂ ਸਥਾਨ

ਸ਼ੌਹਰਤ ਦੀ ਬੁਲੰਦੀ ਵੱਲ ਵਧਦੇ ਚੰਦਾ ਕੋਚਰ   ਦੇ ਕਦਮਾਂ ਦੀ ਮਜ਼ਬੂਤੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ 2009 ’ਚ ਫੋਰਬਸ ਪੱਤ੍ਰਿਕਾ ਨੇ ਵਿਸ਼ਵ ਦੀਅਾਂ ਟਾਪ 100 ਔਰਤਾਂ ਦੀ ਸੂਚੀ ’ਚ ਚੰਦਾ ਕੋਚਰ  ਨੂੰ 20ਵਾਂ ਸਥਾਨ ਦਿੱਤਾ।  ਇੱਥੇ ਖਾਸ ਤੌਰ ਨਾਲ ਇਹ ਚਰਚਾ ਕਰਨਾ ਮਹੱਤਵਪੂਰਨ ਹੈ ਕਿ ਇਸ ਸੂਚੀ ’ਚ ਸੋਨੀਆ ਗਾਂਧੀ ਨੂੰ 13ਵਾਂ ਸਥਾਨ ਦਿੱਤਾ ਗਿਆ ਸੀ।  2011 ’ਚ ਦੇਸ਼ ਦਾ ਤੀਜਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਪਦਮ ਭੂਸ਼ਣ ਦੇ ਕੇ ਭਾਰਤ ਸਰਕਾਰ ਨੇ ਵੀ ਬੈਂਕਿੰਗ ਸੈਕਟਰ ’ਚ ਚੰਦਾ ਕੋਚਰ   ਦੇ ਯੋਗਦਾਨ ਨੂੰ ਮਾਨਤਾ ਦਿੱਤੀ।  
 


Related News