ਵਿਦੇਸ਼ੀ ਕਰੰਸੀ ਭੰਡਾਰ 8 ਅਰਬ ਡਾਲਰ ਵਧ ਕੇ 709.41 ਅਰਬ ਡਾਲਰ ਦੇ ਰਿਕਾਰਡ ਪੱਧਰ ’ਤੇ
Friday, Jan 30, 2026 - 11:58 PM (IST)
ਮੁੰਬਈ, (ਭਾਸ਼ਾ)- ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 23 ਜਨਵਰੀ ਨੂੰ ਖ਼ਤਮ ਹੋਏ ਹਫ਼ਤੇ ਦੌਰਾਨ 8.05 ਅਰਬ ਡਾਲਰ ਵਧ ਕੇ 709.41 ਅਰਬ ਡਾਲਰ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਇਹ ਜਾਣਕਾਰੀ ਦਿੱਤੀ ਹੈ।
ਕੇਂਦਰੀ ਬੈਂਕ ਦੇ ਅੰਕੜਿਆਂ ਅਨੁਸਾਰ, 23 ਜਨਵਰੀ ਨੂੰ ਖ਼ਤਮ ਹੋਏ ਹਫ਼ਤੇ ਦੌਰਾਨ ਕਰੰਸੀ ਭੰਡਾਰ ਦਾ ਅਹਿਮ ਹਿੱਸਾ ਮੰਨੀ ਜਾਣ ਵਾਲੀ ਵਿਦੇਸ਼ੀ ਕਰੰਸੀ ਜਾਇਦਾਦਾਂ 2.36 ਅਰਬ ਡਾਲਰ ਵਧ ਕੇ 562.88 ਅਰਬ ਡਾਲਰ ਹੋ ਗਈਆਂ। ਡਾਲਰ ਦੇ ਰੂਪ ’ਚ ਪ੍ਰਗਟ ਕੀਤੀਆਂ ਜਾਣ ਵਾਲੀਆਂ ਵਿਦੇਸ਼ੀ ਕਰੰਸੀ ਜਾਇਦਾਦਾਂ ’ਚ ਵਿਦੇਸ਼ੀ ਕਰੰਸੀ ਭੰਡਾਰ ’ਚ ਰੱਖੇ ਗਏ ਯੂਰੋ, ਪੌਂਡ ਅਤੇ ਯੇਨ ਵਰਗੀਆਂ ਗੈਰ-ਅਮਰੀਕੀ ਕਰੰਸੀਆਂ ’ਚ ਮੁੱਲ ਵਾਧੇ ਜਾਂ ਕਮੀ ਦੇ ਪ੍ਰਭਾਵ ਸ਼ਾਮਲ ਹੁੰਦੇ ਹਨ।
ਆਰ. ਬੀ. ਆਈ. ਨੇ ਕਿਹਾ ਕਿ ਸਮੀਖਿਆ ਅਧੀਨ ਹਫ਼ਤੇ ਦੌਰਾਨ ਸੋਨਾ ਭੰਡਾਰ ਦਾ ਮੁੱਲ 5.63 ਅਰਬ ਡਾਲਰ ਵਧ ਕੇ 123.08 ਅਰਬ ਡਾਲਰ ਹੋ ਗਿਆ। ਕੇਂਦਰੀ ਬੈਂਕ ਨੇ ਦੱਸਿਆ ਕਿ ਵਿਸ਼ੇਸ਼ ਨਿਕਾਸੀ ਹੱਕ (ਐੱਸ. ਡੀ. ਆਰ.) 3.3 ਕਰੋੜ ਡਾਲਰ ਵਧ ਕੇ 18.73 ਅਰਬ ਡਾਲਰ ਹੋ ਗਿਆ। ਅੰਕੜਿਆਂ ਅਨੁਸਾਰ, ਸਮੀਖਿਆ ਅਧੀਨ ਹਫ਼ਤੇ ’ਚ ਇੰਟਰਨੈਸ਼ਨਲ ਮਾਨੇਟਰੀ ਫੰਡ (ਆਈ. ਐੱਮ. ਐੱਫ.) ਕੋਲ ਭਾਰਤ ਦੀ ਰਿਜ਼ਰਵ ਸਥਿਤੀ ਵੀ 1.8 ਕਰੋੜ ਡਾਲਰ ਵਧ ਕੇ 4.70 ਅਰਬ ਡਾਲਰ ਹੋ ਗਈ।
