ਦੇਸ਼ ਦੀਆਂ 8 ਹਾਈ ਕੋਰਟਾਂ ਨੂੰ ਮਿਲੇ ਨਵੇਂ ਚੀਫ਼ ਜਸਟਿਸ, ਦੇਖੋ ਪੂਰੀ ਲਿਸਟ
Saturday, Sep 21, 2024 - 08:53 PM (IST)
ਨਵੀਂ ਦਿੱਲੀ- ਕੇਂਦਰ ਸਰਕਾਰ ਨੇ 8 ਹਾਈ ਕੋਰਟਾਂ ਦੇ ਚੀਫ਼ ਜਸਟਿਸਾਂ ਦੀ ਨਿਯੁਕਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਉਨ੍ਹਾਂ ਦੀ ਨਿਯੁਕਤੀ ਬਾਰੇ ''ਐਕਸ'' 'ਤੇ ਪੋਸਟ ਕੀਤਾ। ਇਸ ਨੋਟੀਫਿਕੇਸ਼ਨ ਅਨੁਸਾਰ ਇਹ ਨਿਯੁਕਤੀਆਂ ਹੇਠਾਂ ਲਿਖੇ ਅਨੁਸਾਰ ਕੀਤੀਆਂ ਗਈਆਂ ਹਨ।
1. ਜਸਟਿਸ ਮਨਮੋਹਨ (ਇਸ ਵੇਲੇ ਦਿੱਲੀ ਹਾਈ ਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ) - ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ।
2. ਜਸਟਿਸ ਰਾਜੀਵ ਸ਼ਕਧਰ (ਇਸ ਵੇਲੇ ਦਿੱਲੀ ਹਾਈ ਕੋਰਟ ਦੇ ਜੱਜ) - ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਚੀਫ਼ ਜਸਟਿਸ।
3. ਜਸਟਿਸ ਸੁਰੇਸ਼ ਕੁਮਾਰ ਕੈਤ (ਦਿੱਲੀ ਹਾਈ ਕੋਰਟ ਦੇ ਜੱਜ)- ਮੱਧ ਪ੍ਰਦੇਸ਼ ਹਾਈ ਕੋਰਟ ਦੇ ਚੀਫ਼ ਜਸਟਿਸ।
4. ਜਸਟਿਸ ਇੰਦਰਾ ਪ੍ਰਸੰਨਾ ਮੁਖਰਜੀ (ਕਲਕੱਤਾ ਹਾਈ ਕੋਰਟ ਦੇ ਜੱਜ) - ਮੇਘਾਲਿਆ ਹਾਈ ਕੋਰਟ ਦੇ ਚੀਫ਼ ਜਸਟਿਸ।
5. ਜਸਟਿਸ ਨਿਤਿਨ ਮਧੁਕਰ ਜਮਦਾਰ (ਬੰਬੇ ਹਾਈ ਕੋਰਟ ਦੇ ਜੱਜ) - ਕੇਰਲ ਹਾਈ ਕੋਰਟ ਦੇ ਚੀਫ਼ ਜਸਟਿਸ।
6. ਜਸਟਿਸ ਤਾਸ਼ੀ ਰਾਬਸਤਾਨ (ਜੰਮੂ ਅਤੇ ਕਸ਼ਮੀਰ ਹਾਈ ਕੋਰਟ ਦੇ ਜੱਜ) - ਜੰਮੂ ਅਤੇ ਕਸ਼ਮੀਰ ਅਤੇ ਲੱਦਾਖ ਹਾਈ ਕੋਰਟ ਦੇ ਚੀਫ਼ ਜਸਟਿਸ।
7. ਜਸਟਿਸ ਕੇਆਰ ਸ਼੍ਰੀਰਾਮ (ਬੰਬੇ ਹਾਈ ਕੋਰਟ ਦੇ ਜੱਜ) - ਮਦਰਾਸ ਹਾਈ ਕੋਰਟ ਦੇ ਚੀਫ਼ ਜਸਟਿਸ।
8. ਜਸਟਿਸ ਐਮਐਸ ਰਾਮਚੰਦਰ ਰਾਓ (ਮੌਜੂਦਾ ਸਮੇਂ ਵਿੱਚ HP HC ਦੇ CJ) - ਝਾਰਖੰਡ ਹਾਈ ਕੋਰਟ ਦੇ ਚੀਫ਼ ਜਸਟਿਸ।
ਸੁਪਰੀਮ ਕੋਰਟ ਦੇ ਕਾਲੇਜੀਅਮ ਨੇ ਸ਼ੁਰੂਆਤੀ ਤੌਰ 'ਤੇ 11 ਜੁਲਾਈ ਨੂੰ ਇਨ੍ਹਾਂ ਹਾਈ ਕੋਰਟਾਂ ਲਈ ਸਿਫ਼ਾਰਸ਼ਾਂ ਕੀਤੀਆਂ ਸਨ। ਦੋ ਮਹੀਨੇ ਬਾਅਦ, 17 ਸਤੰਬਰ ਨੂੰ, ਕਾਲੇਜੀਅਮ ਨੇ ਆਪਣੀਆਂ ਤਿੰਨ ਪਹਿਲਾਂ ਦੀਆਂ ਤਜਵੀਜ਼ਾਂ (ਜਸਟਿਸ ਕੈਤ, ਰਾਬਸਤਾਨ ਅਤੇ ਜੀ. ਐੱਸ. ਸੰਧਾਵਾਲੀਆ ਬਾਰੇ) ਨੂੰ ਸੋਧਿਆ।
ਕਾਲੇਜੀਅਮ ਨੇ ਇਹ ਵੀ ਪ੍ਰਸਤਾਵ ਦਿੱਤਾ ਹੈ ਕਿ ਜਸਟਿਸ ਜੀ.ਐਸ. ਸੰਧਾਵਾਲੀਆ (ਪੰਜਾਬ ਅਤੇ ਹਰਿਆਣਾ ਹਾਈ ਕੋਰਟ) ਨੂੰ 18 ਅਕਤੂਬਰ ਨੂੰ ਜਸਟਿਸ ਸ਼ਕਦਰ ਦੀ ਸੇਵਾਮੁਕਤ ਹੋਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦਾ ਚੀਫ਼ ਜਸਟਿਸ ਨਿਯੁਕਤ ਕੀਤਾ ਜਾਵੇ।