ਹੱਜ ਯਾਤਰਾ ''ਚ VIP ਕੋਟੇ ਨੂੰ ਕੇਂਦਰ ਸਰਕਾਰ ਨੇ ਕੀਤਾ ਖ਼ਤਮ, ਸਾਰੇ ਆਮ ਯਾਤਰੀਆਂ ਦੀ ਤਰ੍ਹਾਂ ਹੋਣਗੇ ਸ਼ਾਮਲ
Wednesday, Jan 11, 2023 - 05:34 PM (IST)
ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਵੱਡਾ ਫ਼ੈਸਲਾ ਕਰਦੇ ਹੋਏ ਹੱਜ 'ਚ ਵੀ.ਆਈ.ਪੀ. ਕੋਟੇ ਨੂੰ ਖ਼ਤਮ ਕਰ ਦਿੱਤਾ ਹੈ। ਹੱਜ ਯਾਤਰਾ ਲਈ ਵੀ.ਆਈ.ਪੀ. ਕੋਟੇ ਦੀਆਂ ਰਾਖਵੀਆਂ ਸੀਟਾਂ ਖ਼ਤਮ ਕਰ ਦਿੱਤੀਆਂ ਗਈਆਂ ਹਨ। ਭਾਰਤ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਉੱਪ ਰਾਸ਼ਟਰਪਤੀ, ਘੱਟ ਗਿਣਤੀ ਮੰਤਰੀਆਂ ਦੇ ਨਾਲ-ਨਾਲ ਹੱਜ ਕਮੇਟੀ ਨੂੰ ਅਲਾਟ ਲਗਭਗ ਸਾਰੇ ਵੀ.ਆਈ.ਪੀ. ਕੋਟੇ ਦੀਆਂ ਸੀਟਾਂ ਨੂੰ ਖ਼ਤਮ ਕਰ ਦਿੱਤਾ ਹੈ। ਜਿਸ ਤੋਂ ਬਾਅਦ ਸਾਰੇ ਆਮ ਯਾਤਰੀਆਂ ਦੀ ਹੀ ਤਰ੍ਹਾਂ ਹੱਜ 'ਚ ਸ਼ਾਮਲ ਹੋਣਗੇ। ਕਿਸੇ ਲਈ ਕੋਈ ਖ਼ਾਸ ਵਿਵਸਥਾ ਜਾਂ ਰਿਜ਼ਰਵੇਸ਼ਨ ਨਹੀਂ ਰਹੇਗਾ।
ਪਿਛਲੇ 2 ਸਾਲਾਂ ਤੋਂ ਕੋਰੋਨਾ ਕਾਰਨ ਹੱਜ ਯਾਤਰਾ 'ਚ ਜਾਣ ਵਾਲੇ ਯਾਤਰੀਆਂ 'ਚ ਕਾਫ਼ੀ ਕਮੀ ਆਈ ਸੀ। ਕੋਰੋਨਾ ਕਾਰਨ ਯਾਤਰਾ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ। ਕੋਰੋਨਾ ਨੂੰ ਦੇਖਦੇ ਹੋਏ ਸਾਊਦੀ ਅਰਬ ਨੇ ਵੀ ਪੂਰੀ ਦੁਨੀਆ ਭਰ ਦੇ ਦੇਸ਼ਾਂ ਲਈ ਯਾਤਰੀਆਂ ਦਾ ਕੋਟਾ ਘੱਟ ਕਰ ਦਿੱਤਾ ਸੀ। ਹਾਲਾਂਕਿ ਇਸ ਸਾਲ ਯਾਨੀ 2023 'ਚ ਬਿਨਾਂ ਕਿਸੇ ਪਾਬੰਦੀ ਦੇ ਯਾਤਰਾ ਕੀਤੀ ਜਾ ਸਕਦੀ ਹੈ। ਜਿਸ ਨਾਲ ਹੱਜ ਯਾਤਰੀਆਂ ਦੀ ਗਿਣਤੀ 'ਚ ਵੱਡਾ ਵਾਧਾ ਹੋ ਸਕਦਾ ਹੈ। ਇਸ ਸਾਲ ਯਾਤਰਾ 'ਚ 70 ਸਾਲ ਤੋਂ ਵੱਧ ਦੇ ਲੋਕ ਵੀ ਹੱਜ 'ਤੇ ਜਾ ਸਕਣਗੇ।