ਵਿਰੋਧੀ ਆਗੂਆਂ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਜਾ ਰਹੀ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ: ਭੁਪੇਸ਼ ਬਘੇਲ
Friday, Jul 18, 2025 - 01:59 PM (IST)

ਰਾਏਪੁਰ : ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਭੁਪੇਸ਼ ਬਘੇਲ ਨੇ ਸ਼ੁੱਕਰਵਾਰ ਨੂੰ ਆਪਣੇ ਭਿਲਾਈ ਸਥਿਤ ਨਿਵਾਸ 'ਤੇ ਈਡੀ ਦੀ ਛਾਪੇਮਾਰੀ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਵਿਰੋਧੀ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਲਈ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਪਰ ਉਹਨਾਂ ਨੂੰ ਨਿਆਂਪਾਲਿਕਾ 'ਤੇ ਪੂਰਾ ਵਿਸ਼ਵਾਸ ਹੈ ਅਤੇ ਉਹ ਕਾਰਵਾਈ ਵਿਚ ਉਹਨਾਂ ਨੂੰ ਪੂਰਾ ਸਹਿਯੋਗ ਕਰਨਗੇ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ੁੱਕਰਵਾਰ ਨੂੰ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਸ਼ ਦੇ ਅਹਾਤੇ 'ਤੇ ਫਿਰ ਛਾਪੇਮਾਰੀ ਕੀਤੀ।
ਇਸ ਗੱਲ ਦੀ ਜਾਣਕਾਰੀ ਅਧਿਕਾਰਤ ਸੂਤਰਾਂ ਵਲੋਂ ਦਿੱਤੀ ਗਈ ਹੈ। ਇਹ ਛਾਪੇਮਾਰੀ ਉਹਨਾਂ ਦੇ ਪੁੱਤਰ ਚੈਤਨਿਆ ਬਘੇਲ ਦੇ ਖ਼ਿਲਾਫ਼ ਕਥਿਤ ਸ਼ਰਾਬ ਘੁਟਾਲੇ ਨਾਲ ਸਬੰਧਿਤ ਮਨੀ ਲਾਂਡਰਿੰਗ ਮਾਮਲੇ ਵਿਚ ਕੀਤੀ ਗਈ ਹੈ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਮਾਮਲੇ ਵਿਚ ਨਵੇਂ ਸਬੂਤ ਮਿਲਣ ਤੋਂ ਬਾਅਦ ਈਡੀ ਨੇ ਮਨੀ ਲਾਂਡਰਿੰਗ ਰੋਕਥਾਮ ਐਕਟ ਦੇ ਤਹਿਤ ਦੁਰਗ ਜ਼ਿਲ੍ਹੇ ਦੇ ਭਿਲਾਈ ਸ਼ਹਿਰ ਵਿਚ ਬਘੇਲ ਦੇ ਘਰ ਛਾਪਾ ਮਾਰਿਆ। ਦੱਸ ਦੇਈਏ ਕਿ ਇਹ ਪਿਤਾ-ਪੁੱਤਰ ਦਾ ਸਾਂਝਾ ਨਿਵਾਸ ਹੈ। ਭਿਲਾਈ ਸਥਿਤ ਆਪਣੇ ਨਿਵਾਸ ਸਥਾਨ ਦੇ ਬਾਹਰ ਪੱਤਰਕਾਰਾਂ ਨਾਲ ਗੱਲ਼ਬਾਤ ਕਰਦੇ ਹੋਏ ਬਘੇਲ ਨੇ ਕਿਹਾ ਕਿ ਆਪਣੇ ਮਾਲਕ ਨੂੰ ਖ਼ੁਸ਼ ਕਰਨ ਲਈ ਮੋਦੀ ਅਤੇ ਸ਼ਾਹ ਨੇ ਮੇਰੇ ਘਰ ਈਡੀ ਭੇਜੀ ਹੈ। ਅਸੀ ਨਾ ਤਾਂ ਡਰਾਂਗੇ ਅਤੇ ਨਾ ਹੀ ਝੁਕਾਂਗੇ। ਭੁਪੇਸ਼ ਬਘੇਲ ਡਰਨਗੇ ਨਹੀਂ। ਅਸੀਂ ਸੱਚਾਈ ਦੀ ਲੜਾਈ ਲੜਾਂਗੇ।