ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ''ਤੇ ''ਆਪ'' ਨੇ ਭਾਜਪਾ ''ਤੇ ਸਾਧਿਆ ਨਿਸ਼ਾਨਾ

Wednesday, Jul 16, 2025 - 04:20 PM (IST)

ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ''ਤੇ ''ਆਪ'' ਨੇ ਭਾਜਪਾ ''ਤੇ ਸਾਧਿਆ ਨਿਸ਼ਾਨਾ

ਨਵੀਂ ਦਿੱਲੀ : ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਨੇ ਬੁੱਧਵਾਰ ਨੂੰ ਦਿੱਲੀ ਦੇ ਪ੍ਰਾਈਵੇਟ ਸਕੂਲਾਂ ਨੂੰ ਲਗਾਤਾਰ ਤੀਜੇ ਦਿਨ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਭਾਜਪਾ ਸਰਕਾਰ ਦੀ ਆਲੋਚਨਾ ਕੀਤੀ ਅਤੇ ਕੇਂਦਰੀ ਏਜੰਸੀਆਂ ਦੀ "ਚੁੱਪ" 'ਤੇ ਸਵਾਲ ਉਠਾਏ। AAP ਦੇ ਰਾਸ਼ਟਕੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੋਸ਼ ਲਗਾਇਆ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਇਨ੍ਹਾਂ ਧਮਕੀਆਂ ਕਾਰਨ ਪੈਦਾ ਹੋਏ ਡਰ ਅਤੇ ਵਿਘਨ ਪ੍ਰਤੀ ਉਦਾਸੀਨ ਹੈ।

ਇਸ ਸਬੰਧ ਵਿਚ ਉਹਨਾਂ ਨੇ ਐਕਸ 'ਤੇ ਪੋਸਟ ਕਰਦੇ ਕਿਹਾ ਕਿ ਦਿੱਲੀ ਦੇ ਲੋਕਾਂ ਅਤੇ ਉਹਨਾਂ ਦੇ ਬੱਚਿਆਂ ਦੀ ਨਾ ਤਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕੋਈ ਚਿੰਤਾ ਹੈ ਅਤੇ ਨਾ ਹੀ ਉਹਨਾਂ ਦੀ ਚਾਰ ਇੰਜਣ ਵਾਲੀ ਸਰਕਾਰ ਨੂੰ। ਭਾਜਪਾ ਸਰਕਾਰ ਦਿੱਲੀ ਨੂੰ ਜੰਗਲਰਾਜ ਬਣਾਉਣ ਵਿਚ ਲੱਗੀ ਹੋਈ ਹੈ। 'ਆਪ' ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਨੇ ਵਾਰ-ਵਾਰ ਮਿਲ ਰਹੀਆਂ ਝੂਠੀਆਂ ਧਮਕੀਆਂ 'ਤੇ ਕੇਂਦਰੀ ਏਜੰਸੀਆਂ ਦੀ ਚੁੱਪੀ 'ਤੇ ਸਵਾਲ ਉਠਾਉਂਦੇ ਹੋਏ ਕਿਹਾ, 'ਦਿੱਲੀ ਦੇ ਸਕੂਲਾਂ ਨੂੰ ਲਗਭਗ ਹਰ ਮਹੀਨੇ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਹਨ। ਮਾਪੇ, ਬੱਚੇ, ਹਰ ਕੋਈ ਡਰਿਆ ਹੋਇਆ ਹੈ, ਅਜਿਹੀਆਂ ਧਮਕੀਆਂ ਲੱਖਾਂ ਪਰਿਵਾਰਾਂ ਨੂੰ ਹੈਰਾਨ ਕਰਦੀਆਂ ਹਨ ਪਰ ਇਹ ਦੁੱਖ ਦੀ ਗੱਲ ਹੈ ਕਿ ਹਰ ਮਹੀਨੇ ਧਮਕੀਆਂ ਮਿਲਣ ਦੇ ਬਾਵਜੂਦ, ਨਾ ਤਾਂ ਕੋਈ ਫੜਿਆ ਗਿਆ ਹੈ ਅਤੇ ਨਾ ਹੀ ਸਰਕਾਰ ਨੇ ਇਸ ਦਾ ਜਵਾਬ ਦਿੱਤਾ ਹੈ।' 

ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਕਿਹਾ, "ਕੀ ਪੂਰਾ ਖੁਫੀਆ ਸਿਸਟਮ ਫੇਲ੍ਹ ਹੋ ਗਿਆ ਹੈ? ਕੀ ਸਾਰੀਆਂ ਖੁਫੀਆ ਏਜੰਸੀਆਂ ਸਿਰਫ਼ ਵਿਰੋਧੀ ਆਗੂਆਂ 'ਤੇ ਨਜ਼ਰ ਰੱਖਣ ਅਤੇ ਉਨ੍ਹਾਂ ਵਿਰੁੱਧ ਝੂਠੇ ਕੇਸ ਦਰਜ ਕਰਨ ਵਿੱਚ ਰੁੱਝੀਆਂ ਹੋਈਆਂ ਹਨ?" ਸਿਸੋਦੀਆ ਨੇ ਕਿਹਾ, "ਮੇਰੀ ਭਾਜਪਾ ਦੇ ਲੋਕਾਂ ਨੂੰ ਬੇਨਤੀ ਹੈ - ਕਿਰਪਾ ਕਰਕੇ ਵਿਰੋਧੀ ਆਗੂਆਂ ਦੇ ਪਿੱਛੇ ਖੁਫੀਆ ਤੰਤਰ ਦੇ ਕੁਝ ਲੋਕਾਂ ਨੂੰ ਹਟਾਓ ਅਤੇ ਪਤਾ ਲਗਾਓ ਕਿ ਬੱਚਿਆਂ ਦੇ ਸਕੂਲਾਂ ਨੂੰ ਉਡਾਉਣ ਦੀਆਂ ਇਹ ਧਮਕੀਆਂ ਕੌਣ ਦੇ ਰਿਹਾ ਹੈ?" ਇਸੇ ਤਰ੍ਹਾਂ ਦੀਆਂ ਚਿੰਤਾਵਾਂ ਪ੍ਰਗਟ ਕਰਦੇ ਹੋਏ 'ਆਪ' ਦੀ ਦਿੱਲੀ ਇਕਾਈ ਦੇ ਮੁਖੀ ਸੌਰਭ ਭਾਰਦਵਾਜ ਨੇ ਕਿਹਾ ਕਿ ਵਾਰ-ਵਾਰ ਮਿਲ ਰਹੀਆਂ ਧਮਕੀਆਂ ਮਾਪਿਆਂ ਵਿੱਚ ਦਹਿਸ਼ਤ ਪੈਦਾ ਕਰ ਰਹੀਆਂ ਹਨ।

ਉਨ੍ਹਾਂ 'X' 'ਤੇ ਲਿਖਿਆ, "ਅੱਜ, ਦਿੱਲੀ ਦੇ ਇੱਕ ਨਿੱਜੀ ਸਕੂਲ ਨੂੰ ਇੱਕ ਹੋਰ ਧਮਕੀ ਮਿਲੀ। ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਕੂਲੋਂ ਚੁੱਕਣ ਲਈ ਸੁਨੇਹੇ ਭੇਜੇ ਗਏ ਸਨ ਅਤੇ ਹਰ ਪਾਸੇ ਹਫ਼ੜਾ-ਦਫ਼ੜੀ ਮਚ ਗਈ ਸੀ। ਹੁਣ, ਬੱਚਿਆਂ ਨੂੰ ਘਰ ਲਿਜਾਣ ਲਈ ਹਫ਼ੜਾ-ਦਫ਼ੜੀ ਮਚ ਗਈ ਹੈ। ਕੀ ਸਿਸਟਮ ਅਤੇ ਪ੍ਰਸ਼ਾਸਨ ਇਸੇ ਤਰ੍ਹਾਂ ਜਾਰੀ ਰਹੇਗਾ?" ਇਨ੍ਹਾਂ ਦੋਸ਼ਾਂ 'ਤੇ ਭਾਰਤੀ ਜਨਤਾ ਪਾਰਟੀ ਵਲੋਂ ਕਿਸੇ ਤਰ੍ਹਾਂ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ। ਇਸ ਤੋਂ ਪਹਿਲੇ ਦਿਨ ਵਿਚ ਦਿੱਲੀ ਦੇ ਪੰਜ ਨਿੱਜੀ ਸਕੂਲਾਂ ਨੂੰ ਈਮੇਲ ਭੇਜ ਕੇ ਬੰਬ ਰੱਖੇ ਜਾਣ ਦੀ ਧਮਕੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਉਕਤ ਸਕੂਲ ਨੂੰ ਖਾਲੀ ਕਰਵਾਇਆ ਗਿਆ ਅਤੇ ਸੁਰੱਖਿਆਂ ਵਿਚ ਵਾਧਾ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀਆਂ ਦੇ ਅਨੁਸਾਰ ਤਲਾਸ਼ੀ ਲੈਣ 'ਤੇ ਕਈ ਵੀ ਸ਼ੱਕੀ ਵਸਤੂ ਨਹੀਂ ਮਿਲੀ ਅਤੇ ਜਾਂਚ ਜਾਰੀ ਹੈ।


author

rajwinder kaur

Content Editor

Related News