ਕੇਂਦਰ ਸਰਕਾਰ ਦਾ ਸੂਬਿਆਂ ਨੂੰ ਆਦੇਸ਼- ਬੱਚਿਆਂ ਨੂੰ ਜ਼ਰੂਰ ਲਗਵਾਓ ਖ਼ਸਰਾ-ਰੂਬੇਲਾ ਦਾ ਟੀਕਾ

11/24/2022 1:09:23 PM

ਨਵੀਂ ਦਿੱਲੀ- ਖ਼ਸਰੇ ਦੇ ਵੱਧਦੇ ਮਾਮਲਿਆਂ ਦਰਮਿਆਨ ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਸੰਵੇਦਨਸ਼ੀਲ ਇਲਾਕਿਆਂ ’ਚ ਰਹਿ ਰਹੇ 9 ਮਹੀਨੇ ਤੋਂ 5 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਖ਼ਸਰਾ ਅਤੇ ਰੂਬੇਲਾ ਦੇ ਟੀਕਿਆਂ ਦੀ ਵਾਧੂ ਖ਼ੁਰਾਕ ਦੇਣ ’ਤੇ ਵਿਚਾਰ ਕਰਨ ਨੂੰ ਕਿਹਾ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ’ਚ ਬਿਹਾਰ, ਗੁਜਰਾਤ, ਹਰਿਆਣਾ, ਝਾਰਖੰਡ, ਕੇਰਲ ਅਤੇ ਮਹਾਰਾਸ਼ਟਰ ਦੇ ਕੁਝ ਜ਼ਿਲ੍ਹਿਆਂ ਤੋਂ ਖ਼ਸਰੇ ਦੇ ਕਈ ਮਾਮਲੇ ਸਾਹਮਣੇ ਆਏ ਹਨ।

ਮਹਾਰਾਸ਼ਟਰ ਦੇ ਮੁੰਬਈ ’ਚ ਖ਼ਸਰੇ ਦੇ 13 ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਖੇਤਰ ’ਚ ਸਾਲ 2022 ’ਚ ਇਸ ਤੋਂ ਇਨਫੈਕਟਿਡ ਹੋਏ ਲੋਕਾਂ ਦੀ ਗਿਣਤੀ ਵੱਧ ਕੇ 233 ਹੋ ਗਈ। ਉੱਥੇ ਹੀ ਇਕ ਹੋਰ ਵਿਅਕਤੀ ਦੀ ਮੌਤ ਮਗਰੋਂ ਮ੍ਰਿਤਕਾਂ ਦੀ ਗਿਣਤੀ ਵੱਧ ਕੇ 12 ’ਤੇ ਪਹੁੰਚ ਗਈ। ਮਹਾਰਾਸ਼ਟਰ ਦੇ ਪ੍ਰਧਾਨ ਸਿਹਤ ਸਕੱਤਰ ਨੂੰ ਲਿਖੀ ਚਿੱਠੀ ’ਚ ਸਿਹਤ ਮੰਤਰਾਲਾ ਨੇ ਕਿਹਾ ਕਿ ਮਾਮਲਿਆਂ ’ਚ ਵਾਧਾ ਜਨ ਸਿਹਤ ਦੀ ਨਜ਼ਰ ਤੋਂ ਚਿੰਤਾਜਨਕ ਹੈ।

ਸਿਹਤ ਮੰਤਰਾਲਾ ਦੇ ਸੰਯੁਕਤ ਸਕੱਤਰ ਪੀ. ਅਸ਼ੋਕ ਬਾਬੂ ਨੇ ਕਿਹਾ ਕਿ ਇਹ ਵੀ ਸਪੱਸ਼ਟ ਹੈ ਕਿ ਅਜਿਹੇ ਸਾਰੇ ਭੂਗੋਲਿਕ ਖੇਤਰਾਂ ’ਚ ਪ੍ਰਭਾਵਿਤ ਬੱਚਿਆਂ ਨੂੰ ਟੀਕਾ ਨਹੀਂ ਲੱਗਾ ਹੁੰਦਾ ਹੈ ਅਤੇ ਪਾਤਰ ਲਾਭਪਾਤਰੀਆਂ ਵਿਚਾਲੇ ਖ਼ਸਰਾ ਅਤੇ ਰੂਬੇਲਾ ਦੇ ਟੀਕੇ ਲਾਏ ਜਾਣ ਦਾ ਔਸਤ ਵੀ ਰਾਸ਼ਟਰੀ ਔਸਤ ਤੋਂ ਘੱਟ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧ ’ਚ ਨੀਤੀ ਕਮਿਸ਼ਨ ਦੇ ਇਕ ਮੈਂਬਰ (ਸਿਹਤ) ਦੀ ਪ੍ਰਧਾਨਗੀ ’ਚ ਮਾਹਰਾਂ ਨਾਲ ਬੁੱਧਵਾਰ ਨੂੰ ਇਕ ਬੈਠਕ ਕੀਤੀ। 

ਬੈਠਕ ਤੋਂ ਮਿਲੀ ਜਾਣਕਾਰੀਆਂ ਦੇ ਆਧਾਰ ’ਤੇ ਕੇਂਦਰ ਨੇ ਕਿਹਾ ਕਿ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸੰਵੇਦਨਸ਼ੀਲ ਇਲਾਕਿਆਂ ’ਚ 9 ਮਹੀਨੇ ਤੋਂ 5 ਸਾਲ ਦੇ ਸਾਰੇ ਬੱਚਿਆਂ ਨੂੰ ਟੀਕੇ ਦੀ ਵਾਧੂ ਖ਼ੁਰਾਕ ਦੇਣ ’ਤੇ ਵਿਚਾਰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਸਰਕਾਰ ਨੇ ਕਿਹਾ ਕਿ ਇਹ ਖ਼ੁਰਾਕ 9 ਤੋਂ 12 ਮਹੀਨੇ ਦਰਮਿਆਨ ਦਿੱਤੀ ਜਾਣ ਵਾਲੀ ਪਹਿਲੀ ਖ਼ੁਰਾਕ ਅਤੇ 16 ਤੋਂ 24 ਮਹੀਨੇ ਦਰਮਿਆਨ ਦਿੱਤੀ ਜਾਣ ਵਾਲੀ ਦੂਜੀ ਖ਼ੁਰਾਕ ਹੋਵੇਗੀ। ਸੂਬਾ ਸਰਕਾਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਪ੍ਰਸ਼ਾਸਨ ਸੰਵੇਦਨਸ਼ੀਲ ਇਲਾਕਿਆਂ ਦੀ ਪਛਾਣ ਕਰੇਗਾ। 
 


Tanu

Content Editor

Related News