ਫਿਰ ਟਰੇਨ ਪਲਟਾਉਣ ਦੀ ਸਾਜ਼ਿਸ਼, ਰੇਲਵੇ ਟਰੈੱਕ ''ਤੇ ਰੱਖੇ ਮਿਲੇ ਸੀਮੈਂਟ ਦੇ ਸਲੀਪਰ

Wednesday, Oct 09, 2024 - 12:37 PM (IST)

ਰਾਏਬਰੇਲੀ- ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਵਿਚ ਰੇਲ ਦੀ ਪਟੜੀ 'ਤੇ ਮਿੱਟੀ ਦਾ ਢੇਰ ਮਿਲਣ ਦੇ ਦੋ ਦਿਨ ਬਾਅਦ ਅਜਿਹੀ ਹੀ ਇਕ ਹੋਰ ਘਟਨਾ 'ਚ ਮਾਲ ਗੱਡੀ ਦੇ ਰਸਤੇ 'ਚ ਪਟੜੀ 'ਤੇ ਸੀਮੈਂਟ ਨਾਲ ਬਣਿਆ ਸਲੀਪਰ ਮਿਲਿਆ। ਰੇਲਵੇ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਇਹ ਘਟਨਾ ਮੰਗਲਵਾਰ ਰਾਤ ਕਰੀਬ 11 ਵਜੇ ਰਾਏਬਰੇਲੀ-ਪ੍ਰਯਾਗਰਾਜ ਰੇਲ ਡਵੀਜ਼ਨ 'ਤੇ ਲਕਸ਼ਮਣਪੁਰ ਰੇਲਵੇ ਸਟੇਸ਼ਨ ਨੇੜੇ ਦੀ ਹੈ। ਘਟਨਾ ਤਹਿਤ ਸਤਨਾ (ਮੱਧ ਪ੍ਰਦੇਸ਼) ਤੋਂ ਕੁੰਦਨਗੰਜ (ਰਾਏਬਰੇਲੀ) ਆ ਰਹੀ ਇਕ ਮਾਲ ਗੱਡੀ ਬੇਨੀਕਾਮਾ ਨੇੜੇ ਲਕਸ਼ਮਣਪੁਰ ਅਤੇ ਦਰਿਆਪੁਰ ਸਟੇਸ਼ਨਾਂ ਦੇ ਵਿਚਕਾਰ ਟਰੈਕ 'ਤੇ ਰੱਖੇ ਸੀਮੈਂਟ ਦੇ ਸਲੀਪਰ ਨਾਲ ਟਕਰਾ ਗਈ।

ਅਧਿਕਾਰੀਆਂ ਨੇ ਦੱਸਿਆ ਕਿ ਮਾਲ ਗੱਡੀ ਦੇ ਡਰਾਈਵਰ ਨੇ ਐਮਰਜੈਂਸੀ ਬ੍ਰੇਕ ਲਗਾ ਕੇ ਟਰੇਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਸ ਦੇ ਬਾਵਜੂਦ ਇੰਜਣ ਦਾ ਕੈਟਲ ਗਾਰਡ ਪਟੜੀ 'ਤੇ ਪਏ ਸਲੀਪਰ ਨਾਲ ਟਕਰਾ ਗਿਆ। ਹਾਲਾਂਕਿ ਘਟਨਾ ਤੋਂ ਬਾਅਦ ਡਰਾਈਵਰ ਨੇ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਸੂਤਰਾਂ ਮੁਤਾਬਕ ਸੂਚਨਾ ਮਿਲਣ ਤੋਂ ਬਾਅਦ ਰੇਲਵੇ ਕਰਮੀਆਂ ਨੇ ਮੌਕੇ 'ਤੇ ਪਹੁੰਚ ਕੇ ਸਲੀਪਰ ਨੂੰ ਪਟੜੀ ਤੋਂ ਹਟਾਇਆ।

ਇਸ ਤੋਂ ਬਾਅਦ ਮਾਲ ਗੱਡੀ ਨੂੰ ਅੱਗੇ ਵਧਾਇਆ ਗਿਆ। ਰੇਲਵੇ ਸੁਰੱਖਿਆ ਫੋਰਸ (RPF) ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਸਬੰਧ ਵਿਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ FIR ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਇਸ ਤੋਂ ਪਹਿਲਾਂ 6 ਅਕਤੂਬਰ ਨੂੰ ਜ਼ਿਲ੍ਹੇ ਦੇ ਰਘੂਰਾਜ ਸਿੰਘ ਸਟੇਸ਼ਨ ਨੇੜੇ ਰੇਲਵੇ ਟਰੈਕ 'ਤੇ ਮਿੱਟੀ ਦਾ ਢੇਰ ਦੇਖਿਆ ਗਿਆ ਸੀ। ਇਸ ਕਾਰਨ ਸ਼ਟਲ ਟਰੇਨ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ।


Tanu

Content Editor

Related News