ਕੋਰੋਨਾ ਰੋਕਣ ਲਈ ਇਸ ਵਾਰ ਮਨਾਓ ਮਾਸਕ ਵਾਲੀ ਦਿਵਾਲੀ ਅਤੇ ਈਦ: ਵੀ.ਕੇ. ਪਾਲ
Tuesday, Sep 29, 2020 - 07:47 PM (IST)
ਨਵੀਂ ਦਿੱਲੀ - ਕੇਂਦਰ ਸਰਕਾਰ ਅਨਲਾਕ ਦੇ ਪੰਜਵੇਂ ਪੜਾਅ ਦੀਆਂ ਤਿਆਰੀਆਂ 'ਚ ਤੇਜ਼ੀ ਨਾਲ ਲੱਗੀ ਹੈ ਅਤੇ ਛੇਤੀ ਹੀ ਇਸ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਸਕਦੇ ਹਨ। ਅਨਲਾਕ-4 ਬੁੱਧਵਾਰ ਨੂੰ ਖ਼ਤਮ ਹੋ ਰਿਹਾ ਹੈ। ਇਸ 'ਚ ਮੰਗਲਵਾਰ ਨੂੰ ਨੀਤੀ ਕਮਿਸ਼ਨ ਦੇ ਮੈਂਬਰ ਵੀ.ਕੇ. ਪਾਲ ਨੇ ਕਿਹਾ ਕਿ ਤਿਉਹਾਰਾਂ ਦੇ ਸੀਜਨ 'ਚ ਜ਼ਿਆਦਾ ਚੌਕਸੀ ਬਰਤਣ ਦੀ ਜ਼ਰੂਰਤ ਹੈ। ਉਥੇ ਹੀ ਦੂਜੇ ਪਾਸੇ ਸਿਹਤ ਮੰਤਰਾਲਾ ਨੇ ਦੂਜਾ ਸੀਰੋ ਸਰਵੇ ਪੇਸ਼ ਕੀਤਾ ਹੈ। ਆਈ.ਸੀ.ਐੱਮ.ਆਰ. ਸੀਰੋ ਸਰਵੇ 'ਚ ਕਿਹਾ ਗਿਆ ਹੈ ਕਿ 10 ਸਾਲ ਅਤੇ ਇਸ ਤੋਂ ਜ਼ਿਆਦਾ ਉਮਰ ਦੇ 15 ਵਿਅਕਤੀਆਂ 'ਚੋਂ ਇੱਕ ਨੂੰ ਅਗਸਤ 2020 ਤੱਕ ਸਾਰਸ-ਸੀ.ਓ.ਵੀ.2 ਦੀ ਚਪੇਟ 'ਚ ਆਉਣ ਦਾ ਅੰਦਾਜਾ ਹੈ।
ਦੇਸ਼ 'ਚ ਲਗਾਤਾਰ ਵੱਧ ਰਹੇ ਕੋਰੋਨਾ ਮਾਮਲਿਆਂ ਨੂੰ ਦੇਖਦੇ ਹੋਏ ਨੀਤੀ ਕਮਿਸ਼ਨ ਦੇ ਮੈਂਬਰ ਵੀ.ਕੇ. ਪਾਲ ਨੇ ਕਿਹਾ ਕਿ, ਅਸੀਂ ਸਾਰਿਆਂ ਨੂੰ ਇਹ ਯਕੀਨੀ ਕਰਨ ਦੀ ਲੋੜ ਹੈ ਕਿ ਆਉਣ ਵਾਲੇ ਮਹੀਨਿਆਂ 'ਚ, ਅਸੀਂ ਕੋਰੋਨਾ ਵਾਇਰਸ ਦੇ ਪ੍ਰਸਾਰ 'ਤੇ ਰੋਕ ਲਗਾਉਣ ਲਈ ਮਾਸਕ ਵਾਲੀ ਪੂਜਾ, ਮਾਸਕ ਵਾਲੀ ਛੱਠ, ਮਾਸਕ ਵਾਲੀ ਦਿਵਾਲੀ, ਮਾਸਕ ਵਾਲਾ ਦੁਸ਼ਹਿਰਾ, ਮਾਸਕ ਵਾਲੀ ਈਦ ਮਨਾਓ। ਵੀ.ਕੇ. ਪਾਲ ਨੇ ਕਿਹਾ ਕਿ, ਕਿਰਤ ਮੰਤਰਾਲਾ ਨੇ ਸਿਹਤ ਮੰਤਰਾਲਾ ਨਾਲ ਮਿਲ ਕੇ ਇੰਡਸਟਰੀਜ ਲਈ ਗਾਈਡਲਾਈਨ ਜਾਰੀ ਕੀਤੀ ਹੈ।
ਮੰਗਲਵਾਰ ਨੂੰ ਕੋਰੋਨਾ ਵਾਇਰਸ ਮਾਮਲਿਆਂ 'ਤੇ ਬੋਲਦੇ ਹੋਏ ਰਾਜੇਸ਼ ਭੂਸ਼ਣ ਨੇ ਦੱਸਿਆ ਕਿ ਦੇਸ਼ 'ਚ ਪਿਛਲੇ 24 ਘੰਟੇ 'ਚ 84,877 ਲੋਕ ਕੋਰੋਨਾ ਮੁਕਤ ਹੋਏ ਹਨ ਅਤੇ ਨਵੇਂ ਕੇਸ 70,589 ਸਾਹਮਣੇ ਆਏ ਹਨ। ਠੀਕ ਹੋਣ ਵਾਲੇ ਲੋਕਾਂ ਦੀ ਕੁਲ ਗਿਣਤੀ 51 ਲੱਖ ਤੋਂ ਜ਼ਿਆਦਾ ਹੋ ਗਈ ਹੈ। ਰਿਕਵਰੀ ਰੇਟ ਅੱਜ 83 ਫ਼ੀਸਦੀ ਹੋ ਗਈ ਹੈ। ਉਨ੍ਹਾਂ ਅੱਗੇ ਕਿਹਾ, ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ICMR) ਦੀ ਦੂਜੀ ਸੀਰੋ ਸਰਵੇ ਰਿਪੋਰਟ ਤੋਂ ਪਤਾ ਚੱਲਦਾ ਹੈ ਕਿ ਅਜੇ ਵੀ ਕਾਫ਼ੀ ਆਬਾਦੀ ਕੋਰੋਨਾ ਵਾਇਰਸ ਦੀ ਚਪੇਟ 'ਚ ਹੈ, ਇਸ ਲਈ ਸਾਨੂੰ ਪੂਰਾ ਧਿਆਨ ਰੱਖਣਾ ਚਾਹੀਦਾ ਹੈ।