ਪਾਕਿਸਤਾਨ ਨੇ ਪੁੰਛ 'ਚ ਕੀਤੀ ਜੰਗਬੰਦੀ ਦੀ ਉਲੰਘਣਾ, ਜਵਾਨ ਸ਼ਹੀਦ
Wednesday, Apr 04, 2018 - 02:07 AM (IST)

ਜੰਮੂ,(ਏਜੰਸੀਆਂ)—ਪਾਕਿਸਤਾਨ ਦੀ ਫੌਜ ਨੇ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ 'ਚ ਕੰਟਰੋਲ ਰੇਖਾ ਨੇੜੇ ਮੰਗਲਵਾਰ ਮੋਹਰਲੀਆਂ ਚੌਕੀਆਂ ਨੂੰ ਨਿਸ਼ਾਨਾ ਬਣਾ ਕੇ ਮੋਰਟਾਰ ਦੇ ਗੋਲੇ ਦਾਗੇ, ਜਿਸ ਕਾਰਨ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ ਅਤੇ ਇਕ ਲੈਫਟੀਨੈਂਟ ਸਮੇਤ 4 ਜਵਾਨ ਜ਼ਖਮੀ ਹੋ ਗਏ। ਰੱਖਿਆ ਮੰਤਰਾਲਾ ਦੇ ਇਕ ਬੁਲਾਰੇ ਲੈਫਟੀਨੈਂਟ ਕਰਨਲ ਐੱਨ. ਐੱਨ. ਜੋਸ਼ੀ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਕ੍ਰਿਸ਼ਨਾ ਘਾਟੀ ਸੈਕਟਰ ਵਿਖੇ ਪਾਕਿਸਤਾਨੀ ਰੇਂਜਰਸ ਨੇ ਸਰਹੱਦ ਪਾਰ ਤੋਂ ਅਚਾਨਕ ਭਿਆਨਕ ਗੋਲਾਬਾਰੀ ਸ਼ੁਰੂ ਕਰ ਦਿੱਤੀ ਜੋ 2 ਘੰਟਿਆਂ ਤੋਂ ਵੀ ਵੱਧ ਸਮੇਂ ਤਕ ਜਾਰੀ ਰਹੀ। ਇਸ ਗੋਲਾਬਾਰੀ ਕਾਰਨ 5 ਜਵਾਨ ਜ਼ਖਮੀ ਹੋਏ, ਜਿਨ੍ਹਾਂ ਵਿਚੋਂ ਇਕ ਨੇ ਹਸਪਤਾਲ 'ਚ ਦਮ ਤੋੜ ਦਿੱਤਾ।
ਉਨ੍ਹਾਂ ਦੱਸਿਆ ਕਿ ਲਗਾਤਾਰ ਤੀਜੇ ਦਿਨ ਪਾਕਿਸਤਾਨੀ ਫੌਜਾਂ ਨੇ ਗੋਲੀਬੰਦੀ ਦੀ ਉਲੰਘਣਾ ਕਰ ਕੇ ਮੋਹਰਲੀਆਂ ਚੌਕੀਆਂ ਅਤੇ ਪਿੰਡਾਂ ਨੂੰ ਨਿਸ਼ਾਨਾ ਬਣਾਇਆ। ਇਸ ਸਾਲ ਹੁਣ ਤਕ ਅਸਲ ਕੰਟਰੋਲ ਰੇਖਾ 'ਤੇ ਪਾਕਿਸਤਾਨੀ ਗੋਲਾਬਾਰੀ ਕਾਰਨ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ ਵਧ ਕੇ 27 ਹੋ ਗਈ ਹੈ। ਪਾਕਿ ਇਸ ਸਾਲ ਹੁਣ ਤਕ 650 ਤੋਂ ਵਧ ਵਾਰ ਗੋਲੀਬੰਦੀ ਦੀ ਉਲੰਘਣਾ ਕਰ ਚੁੱਕਾ ਹੈ।