ਦੇਸ਼ ਨੇ ਗੁਆਇਆ ਜਾਂਬਾਜ਼ ਜਨਰਲ ‘ਰਾਵਤ’, ਪੜ੍ਹੋ ਕਦੋਂ-ਕਦੋਂ ਹਾਦਸੇ ਦਾ ਸ਼ਿਕਾਰ ਹੋਇਆ Mi-17

12/09/2021 11:04:08 AM

ਨਵੀਂ ਦਿੱਲੀ- ਤਾਮਿਲਨਾਡੂ ’ਚ ਕੁਨੂੰਰ ਨੇੜੇ ਭਾਰਤੀ ਹਵਾਈ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਨਾਲ ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ (ਸੀ. ਡੀ. ਐੱਸ.) ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਸਮੇਤ 13 ਲੋਕਾਂ ਦੀ ਮੌਤ ਹੋ ਗਈ ਹੈ। ਏਅਰ ਫੋਰਸ ਨੇ ਆਪਣੇ ਅਧਿਕਾਰਕ ਟਵਿਟਰ ਹੈਂਡਲ ’ਤੇ ਇਸ ਦੀ ਪੁਸ਼ਟੀ ਕੀਤੀ। ਹਾਦਸੇ ’ਚ ਗਰੁੱਪ ਕੈਪਟਨ ਵਰੁਣ ਸਿੰਘ ਜ਼ਖਮੀ ਹੋ ਗਏ ਅਤੇ ਫਿਲਹਾਲ ਫੌਜੀ ਹਸਪਤਾਲ (ਵੇਲਿੰਗਟਨ) ’ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। 

ਇਹ ਵੀ ਪੜ੍ਹੋ:  ਤਾਮਿਲਨਾਡੂ ਹਾਦਸਾ: ਅੱਗ ਦੀਆਂ ਲਪਟਾਂ ’ਚ ਘਿਰਿਆ ਫ਼ੌਜ ਦਾ ਹੈਲੀਕਾਪਟਰ, ਤਸਵੀਰਾਂ ’ਚ ਵੇਖੋ ਭਿਆਨਕ ਮੰਜ਼ਰ

ਦੱਸ ਦੇਈਏ ਕਿ ਐੱਮ. ਆਈ.-17 ਵੀ-5 ਹੈਲੀਕਾਪਟਰ ਸੁਲੂਰ ਤੋਂ ਵੇਲਿੰਗਟਨ ਲਈ ਰਵਾਨਾ ਹੋਇਆ ਸੀ ਅਤੇ ਇਸ ’ਚ ਚਾਲਕ ਦਲ ਸਮੇਤ 14 ਲੋਕ ਸਵਾਰ ਸਨ। ਸੀ. ਡੀ. ਐੱਸ. ਰਾਵਤ ਵੇਲਿੰਗਟਨ ’ਚ ਡਿਫੈਂਸ ਆਫ ਸਟਾਫ ਕਾਲਜ ਜਾ ਰਹੇ ਸਨ, ਜਿਥੇ ਉਨ੍ਹਾਂ ਨੇ ਅਧਿਆਪਕਾਂ ਅਤੇ ਵਿਦਿਆਰਥੀਆਂਨੂੰ ਸੰਬੋਧਨ ਕਰਨਾ ਸੀ। ਏਅਰ ਫੋਰਸ ਨੇ ਕਿਹਾ ਕਿ ਹਾਦਸੇ ਦੀ ਕੋਰਟ ਆਫ ਇਨਕੁਆਰੀ ਦੇ ਹੁਕਮ ਦੇ ਦਿੱਤੇ ਗਏ ਹਨ। ਹਾਦਸੇ ’ਚ ਮਾਰੇ ਗਏ ਲੋਕਾਂ ਦੀ ਪਛਾਣ ਡੀ. ਐੱਨ. ਏ. ਜਾਂਚ ਨਾਲ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਹੈਲੀਕਾਪਟਰ ਹਾਦਸੇ 'ਚ ਵਰੁਣ ਸਿੰਘ ਦੀ ਬਚੀ ਜਾਨ, ਹਸਪਤਾਲ 'ਚ ਲੜ ਰਹੇ ਹਨ ਜ਼ਿੰਦਗੀ ਅਤੇ ਮੌਤ ਦੀ ਜੰਗ

ਦੱਸਣਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ, ਜਦ  ਐੱਮ. ਆਈ.-17 ਹੈਲੀਕਾਪਟਰ ਭਾਰਤ ’ਚ ਹਾਦਸੇ ਦਾ ਸ਼ਿਕਾਰ ਹੋਇਆ ਹੈ। ਹੁਣ ਤੱਕ ਇਨ੍ਹਾਂ ਹੈਲੀਕਾਪਟਰਾਂ ਦੇ ਹਾਦਸਾਗ੍ਰਸਤ ਹੋਣ ਨਾਲ ਦਰਜਨਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਫੌਜ ਨਾਲ ਜੁੜੇ ਰਹੇ ਹਨ। 

ਇਹ ਵੀ ਪੜ੍ਹੋ: ਅਲਵਿਦਾ ਬਿਪਿਨ ਰਾਵਤ; ਰਾਜਨਾਥ ਸਿੰਘ ਨੇ ਸੰਸਦ ’ਚ ਦੱਸਿਆ ਹੈਲੀਕਾਪਟਰ ਹਾਦਸੇ ਦਾ ਪੂਰਾ ਘਟਨਾਕ੍ਰਮ

ਆਓ ਜਾਣਦੇ ਹਾਂ ਕਿ ਭਾਰਤ ਵਿਚ ਕਦੋਂ-ਕਦੋਂ  ਐੱਮ. ਆਈ.-17 ਹੈਲੀਕਾਪਟਰ ਹਾਦਸਾਗ੍ਰਸਤ ਹੋਇਆ-
3 ਅਪ੍ਰੈਲ 2018
ਭਾਰਤੀ ਏਅਰ ਫੋਰਸ ਦਾ ਇਕ ਐੱਮ. ਆਈ.-17 ਹੈਲੀਕਾਪਟਰ ਕੇਦਾਰਨਾਥ ’ਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਖ਼ੁਸ਼ਕਿਸਮਤੀ ਨਾਲ ਇਸ ’ਚ ਸਵਾਰ ਸਾਰੇ ਲੋਕ ਬਚ ਗਏ ਸਨ।
6 ਅਕਤੂਬਰ 2017
ਅਰੁਣਾਚਲ ਪ੍ਰਦੇਸ਼ ’ਚ ਭਾਰਤੀ ਏਅਰ ਫੋਰਸ ਦਾ ਐੱਮ. ਆਈ.-17ਵੀ5 ਹੈਲੀਕਾਪਟਰ ਹਾਦਸਾਗ੍ਰਸਤ ਹੋਇਆ ਸੀ, ਜਿਸ ’ਚ ਸਵਾਰ 7 ਲੋਕਾਂ ਦੀ ਮੌਤ ਹੋ ਗਈ ਸੀ।
25 ਜੂਨ 2013
ਉੱਤਰਾਖੰਡ ਸੂਬੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਬਚਾਅ ਮੁਹਿੰਮ ਚਲਾਉਂਦੇ ਸਮੇਂ ਐੱਮ. ਆਈ.-17ਵੀ5 ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਸੀ। ਇਸ ’ਚ ਸਵਾਰ 20 ਲੋਕਾਂ ਦੀ ਮੌਤ ਹੋ ਗਈ ਸੀ।
19 ਅਪ੍ਰੈਲ 2011
ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਵਿਚ ਲੈਂਡਿੰਗ ਤੋਂ ਕੁਝ ਸੈਕਿੰਡ ਪਹਿਲਾਂ ਪਵਨ ਹੰਸ ਐੱਮ. ਆਈ.-17 ’ਚ ਅੱਗ ਲੱਗ ਗਈ, ਜਿਸ ਕਾਰਨ ਸਵਾਰ ਸਾਰੇ 17 ਲੋਕਾਂ ਦੀ ਮੌਤ ਹੋ ਗਈ ਸੀ।
19 ਨਵੰਬਰ 2019
ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਨੇੜੇ ਹੀ ਇਕ ਭਾਰਤੀ ਏਅਰ ਫੋਰਸ ਦਾ ਐੱਮ. ਆਈ.-17 ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ’ਚ ਸਵਾਰ ਸਾਰੇ 12 ਲੋਕਾਂ ਦੀ ਮੌਤ ਹੋ ਗਈ ਸੀ।
30 ਅਗਸਤ 2012
ਜਾਮਨਗਰ ਦੇ ਕੋਲ ਭਾਰਤੀ ਹਵਾਈ ਫੌਜ ਦੇ 2 ਐੱਮ. ਆਈ.-17 ਆਪਸ ’ਚ ਟਕਰਾ ਗਏ, ਜਿਸ ਕਾਰਨ 9 ਲੋਕਾਂ ਦੀ ਮੌਤ ਹੋ ਗਈ।
27 ਫਰਵਰੀ 2019 
ਭਾਰਤੀ ਹਵਾਈ ਫੌਜ ਦਾ ਇਕ ਐੱਮ. ਆਈ.-17 ਬੜਗਾਮ, ਜੰਮੂ-ਕਸ਼ਮੀਰ ’ਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਜਿਸ ਕਾਰਨ 7 ਲੋਕਾਂ ਦੀ ਮੌਤ ਹੋ ਗਈ ਸੀ।
 


Tanu

Content Editor

Related News