ਪੁਲਸ ਹਿਰਾਸਤ ''ਚ ਦੋਸ਼ੀ ਨੇ ਦਾਰੋਗਾ ਦੇ ਫੋਨ ਤੋਂ ਪੀੜਤਾ ਦੀ ਮਾਂ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ

Thursday, Sep 26, 2024 - 05:14 PM (IST)

ਸ਼ਾਹਜਹਾਂਪੁਰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਵਿਚ ਇਕ ਨਾਬਾਲਗ ਕੁੜੀ ਨੂੰ ਅਗਵਾ ਕਰਨ ਵਾਲੇ ਦੋਸ਼ੀ ਨੇ ਪੁਲਸ ਹਿਰਾਸਤ 'ਚ ਰਹਿੰਦੇ ਹੋਏ ਦਾਰੋਗਾ ਦੇ ਫੋਨ ਰਾਹੀਂ ਪੀੜਤਾ ਦੀ ਮਾਂ ਨੂੰ ਕਥਿਤ ਤੌਰ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਪੁਲਸ ਨੇ ਇਸ ਸਬੰਧ 'ਚ ਮਾਮਲਾ ਦਰਜ ਕਰ ਕੇ ਸਬੰਧਿਤ ਦਾਰੋਗਾ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਧੀਕ ਪੁਲਸ ਸੁਪਰਡੈਂਟ (ਦਿਹਾਤੀ) ਮਨੋਜ ਅਵਸਥੀ ਨੇ ਵੀਰਵਾਰ ਨੂੰ ਦੱਸਿਆ ਕਿ ਖੁਦਾਗੰਜ ਥਾਣਾ ਖੇਤਰ ਦੇ ਨਵਾਦਾ ਦਾਰੋਵਕਤ ਪਿੰਡ 'ਚ ਰਹਿਣ ਵਾਲੀ 16 ਸਾਲਾ ਕੁੜੀ ਨੂੰ 10 ਸਤੰਬਰ ਨੂੰ ਵਿਕਰਮ ਨਾਮੀ ਨੌਜਵਾਨ ਨੇ ਅਗਵਾ ਕਰ ਲਿਆ ਸੀ। ਪੁਲਸ ਨੇ ਇਸ ਮਾਮਲੇ 'ਚ ਦੋਸ਼ੀ ਨੂੰ 17 ਸਤੰਬਰ ਨੂੰ ਗ੍ਰਿਫ਼ਤਾਰ ਕਰ ਕੇ ਪੀੜਤਾ ਨੂੰ ਮੁਕਤ ਕਰਵਾ ਲਿਆ ਸੀ। 

ਇਹ ਵੀ ਪੜ੍ਹੋ : ਮੋਬਾਇਲ 'ਤੇ ਗੇਮਾਂ ਖੇਡਦਾ 15 ਲੱਖ ਹਾਰ ਗਿਆ ਸਿਪਾਹੀ, ਹੁਣ SP ਨੂੰ ਕਹਿੰਦਾ ਮੈਂ ਕਰਨੀ ਖ਼ੁਦਕੁਸ਼ੀ

ਉਨ੍ਹਾਂ ਦੱਸਿਆ ਕਿ ਪੀੜਤਾ ਦੇ ਪਰਿਵਾਰ ਵਾਲਿਆਂ ਨੇ ਅੱਜ ਥਾਣੇ 'ਚ ਕੀਤੀ ਗਈ ਸ਼ਿਕਾਇਤ 'ਚ ਦੋਸ਼ ਲਗਾਇਆ ਕਿ ਗ੍ਰਿਫ਼ਤਾਰੀ ਵਾਲੇ ਦਿਨ ਦੋਸ਼ੀ ਵਿਕਰਮ ਨੇ ਪੁਲਸ ਹਿਰਾਸਤ 'ਚ ਰਹਿਦੇ ਹੋਏ ਥਾਣੇ ਦੇ ਦਾਰੋਗਾ ਵਿਨੀਤ ਚੌਧਰੀ ਦੇ ਮੋਬਾਇਲ ਨੰਬਰ ਤੋਂ ਪੀੜਤਾ ਦੀ ਮਾਂ ਨੂੰ ਫੋਨ ਕਰ ਕੇ ਧਮਕੀ ਦਿੰਦੇ ਹੋਏ ਕਿਹਾ ਕਿ ਉਹ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਉਸ ਨੂੰ ਮਾਰ ਦੇਵੇਗਾ। ਇਸ ਧਮਕੀ ਨਾਲ ਉਸ ਦਾ ਪਰਿਵਾਰ ਡਰਿਆ ਹੋਇਆ ਹੈ। ਅਵਸਥੀ ਨੇ ਦੱਸਿਆ ਕਿ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦਾਰੋਗਾ ਵਲੋਂ ਗ੍ਰਿਫ਼ਤਾਰ ਕੀਤੇ ਗਏ ਇਕ ਦੋਸ਼ੀ ਦੀ ਆਪਣੇ ਫੋਨ ਤੋਂ ਪੀੜਤ ਪੱਖ ਨਾਲ ਗੱਲ ਕਰਵਾਏ ਜਾਣ ਦਾ ਮਾਮਲਾ ਗੰਭੀਰ ਹੈ ਅਤੇ ਇਸ ਦੀ ਜਾਂਚ ਤਿਲਹਰ ਦੇ ਪੁਲਸ ਖੇਤਰ ਅਧਿਕਾਰੀ ਅਮਿਤ ਚੌਰਸੀਆ ਨੂੰ ਸੌਂਪੀ ਗਈ ਹੈ। ਜਾਂਚ 'ਚ ਦੋਸ਼ੀ ਪਾਏ ਜਾਣ 'ਤੇ ਦਾਰੋਗਾ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News