CCTV ਫੁਟੇਜ ਨੇ ਖੋਲ੍ਹ ਦਿੱਤੀ ਪੋਲ, ਭਾਜੜ ਮੱਚਣ ਤੋਂ ਬਾਅਦ ਫ਼ਰਾਰ ਹੋਇਆ ਸੀ ਹਾਥਰਸ ਵਾਲਾ ਬਾਬਾ

Friday, Jul 05, 2024 - 10:59 AM (IST)

CCTV ਫੁਟੇਜ ਨੇ ਖੋਲ੍ਹ ਦਿੱਤੀ ਪੋਲ, ਭਾਜੜ ਮੱਚਣ ਤੋਂ ਬਾਅਦ ਫ਼ਰਾਰ ਹੋਇਆ ਸੀ ਹਾਥਰਸ ਵਾਲਾ ਬਾਬਾ

ਹਾਥਰਸ (ਏਜੰਸੀਆਂ) - ਹਾਥਰਸ ਸਤਿਸੰਗ ’ਚ ਭਾਜੜ ਤੋਂ ਬਾਅਦ ਚਰਚਾ ’ਚ ਚੱਲ ਰਹੇ ਭੋਲੇ ਬਾਬਾ ਨੂੰ ਲੈ ਕੇ ਹਰ ਦਿਨ ਵੱਡੇ ਖੁਲਾਸੇ ਹੋ ਰਹੇ ਹਨ। ਬਾਬੇ ਦੇ ਵਕੀਲ ਨੇ ਕਿਹਾ ਕਿ ਉਹ ਘਟਨਾ ਤੋਂ ਪਹਿਲਾਂ ਹੀ ਉੱਥੋਂ ਚਲੇ ਗਏ ਸਨ। ਹਾਲਾਂਕਿ, ਘਟਨਾ ਤੋਂ ਬਾਅਦ ਉਨ੍ਹਾਂ ਦੇ ਉੱਥੋਂ ਨਿਕਲਣ ਦੀ ਵੀਡੀਓ ਵਾਇਰਲ ਹੋ ਗਈ ਹੈ। ਵੀਰਵਾਰ ਨੂੰ ਇਕ ਸੀ. ਸੀ. ਟੀ. ਵੀ. ਫੁਟੇਜ ਸਾਹਮਣੇ ਆਈ ਹੈ, ਜੋ ਬਾਬੇ ਦੇ ਦਾਅਵਿਆਂ ’ਤੇ ਉਂਗਲ ਉਠਾ ਰਹੀ ਹੈ। ਇਸ ਵੀਡੀਓ ’ਚ ਬਾਬਾ ਦਾ ਕਾਰਵਾਂ ਨਿਕਲਦਾ ਹੋਇਆ ਨਜ਼ਰ ਆ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਸਤਿਸੰਗ ’ਚ ਮਚੀ ਭਾਜੜ ਤੋਂ ਬਾਅਦ ਦੀ ਹੈ। ਉਥੇ ਹੀ ਪੁਲਸ ਨੇ ਪ੍ਰੈੱਸ ਕਾਨਫਰੰਸ ਕਰ ਕੇ ਦੱਸਿਆ ਕਿ ਯੂ. ਪੀ. ਹਾਥਰਸ ’ਚ ਮਚੀ ਭਾਜੜ ਦੇ ਤੀਜੇ ਦਿਨ ਪੁਲਸ ਨੇ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਆਈ. ਜੀ. ਰੇਂਜ ਅਲੀਗੜ੍ਹ ਸਲਭ ਮਾਥੁਰ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ, ‘‘ਗ੍ਰਿਫ਼ਤਾਰ ਸਾਰੇ 6 ਮੁਲਜ਼ਮ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ, ਜਿਨ੍ਹਾਂ ’ਚ 2 ਔਰਤਾਂ ਵੀ ਸ਼ਾਮਲ ਹਨ।’’

ਇਹ ਵੀ ਪੜ੍ਹੋ - Health Tips: RO ਵਾਲਾ ਪਾਣੀ ਪੀਣ ਵਾਲੇ ਲੋਕ ਹੋ ਜਾਣ ਸਾਵਧਾਨ, ਹੋ ਸਕਦੀਆਂ ਨੇ ਇਹ ਪਰੇਸ਼ਾਨੀਆਂ

ਪੁਲਸ ਨੇ ਕੱਢਵਾਈ ਬਾਬੇ ਦੀ ਕਾਲ ਡਿਟੇਲ
ਪੁਲਸ ਨੂੰ ਬਾਬੇ ਦੀ ਕਾਲ ਡਿਟੇਲ ਦੀ ਜਾਂਚ ਕਰਨ ਤੋਂ ਬਾਅਦ ਪਤਾ ਲੱਗਾ ਕਿ ਹਾਦਸੇ ਤੋਂ ਬਾਅਦ ਭੋਲੇ ਬਾਬਾ ਨੇ ਕਿਸੇ ਨਾਲ ਮੋਬਾਈਲ ’ਤੇ ਗੱਲ ਕੀਤੀ। ਜਿਸ ਨੂੰ ਲੈ ਕੇ ਪੁਲਸ ਨੂੰ ਕਈ ਅਹਿਮ ਸੁਰਾਗ ਮਿਲੇ ਹਨ। ਬਾਬਾ ਘਟਨਾ ਵਾਲੀ ਥਾਂ ਤੋਂ ਮੰਗਲਵਾਰ ਦੁਪਹਿਰ ਲੱਗਭਗ 1 ਵੱਜ ਕੇ 40 ਮਿੰਟ ’ਤੇ ਨਿਕਲ ਗਿਆ ਸੀ। ਜਿਸ ਤੋਂ ਬਾਅਦ ਬਾਬੇ ਦੀ ਸਤਿਸੰਗ ਪ੍ਰਬੰਧਕਾਂ ਅਤੇ ਹੋਰ ਲੋਕਾਂ ਨਾਲ ਲਗਾਤਾਰ ਗੱਲਬਾਤ ਹੁੰਦੀ ਰਹੀ। ਬਾਬੇ ਦੀ ਆਖਰੀ ਲੋਕੇਸ਼ਨ ਦੁਪਹਿਰ 3 ਵਜੇ ਤੋਂ 4 ਵੱਜ ਕੇ 35 ਮਿੰਟ ਤੱਕ ਮੈਨਪੁਰੀ ਸਥਿਤ ਉਸ ਦੇ ਆਸ਼ਰਮ ’ਚ ਮਿਲੀ। ਇਸ ਦੌਰਾਨ ਉਸ ਨੇ 3 ਨੰਬਰਾਂ ’ਤੇ ਗੱਲ ਕੀਤੀ।

ਜਾਣਕਾਰੀ ਅਨੁਸਾਰ ਪੁਲਸ ਨੇ ਬਾਬੇ ਦਾ ਮੋਬਾਈਲ ਰਿਕਾਰਡ ਚੈੱਕ ਕੀਤਾ, ਜਿਸ ’ਚ ਪਤਾ ਲੱਗਾ ਕਿ ਉਸ ਨੂੰ ਦੁਪਹਿਰ 2 ਵੱਜ ਕੇ 48 ਮਿੰਟ ’ਤੇ ਸਤਿਸੰਗ ਪ੍ਰਬੰਧਕ ਦੇਵ ਪ੍ਰਕਾਸ਼ ਮਧੁਕਰ ਦੀ ਕਾਲ ਆਈ ਸੀ। ਦੋਵਾਂ ਵਿਚਾਲੇ ਭਾਜੜ ਤੋਂ ਬਾਅਦ ਹੋਈ ਘਟਨਾ ਨੂੰ ਲੈ ਕੇ ਗੱਲਬਾਤ ਹੋਈ । ਦੋਵਾਂ ਵਿਚਾਲੇ ਗੱਲ ਲੱਗਭਗ 2 ਮਿੰਟ 17 ਸਕਿੰਟ ਤੱਕ ਦੀ ਹੋਈ ਸੀ। ਸੂਤਰਾਂ ਅਨੁਸਾਰ ਬਾਬੇ ਨੇ ਜਿਨ੍ਹਾਂ ਤਿੰਨ ਲੋਕਾਂ ਨਾਲ ਗੱਲ ਕੀਤੀ ਉਨ੍ਹਾਂ ’ਚ ਪਹਿਲਾ ਨੰਬਰ ਮਹੇਸ਼ ਚੰਦਰ ਦਾ ਸੀ, ਜਿਸ ਨਾਲ ਬਾਬੇ ਦੀ ਲੱਗਭਗ 3 ਮਿੰਟ ਗੱਲ ਹੋਈ ਸੀ। ਇਸ ਤੋਂ ਬਾਅਦ ਦੂਜਾ ਨੰਬਰ ਸੰਜੂ ਯਾਦਵ ਦਾ ਹੈ। ਬਾਬੇ ਨੇ ਸੰਜੂ ਯਾਦਵ ਨਾਲ ਸਿਰਫ 40 ਸਕਿੰਟ ਹੀ ਗੱਲ ਕੀਤੀ, ਜਦੋਂ ਕਿ ਇਸ ਤੋਂ ਬਾਅਦ ਸਤਿਸੰਗ ਪ੍ਰਬੰਧਕ ਦੇਵ ਪ੍ਰਕਾਸ਼ ਮਧੁਕਰ ਦੀ ਪਤਨੀ ਰੰਜਨਾ ਨਾਲ ਤੀਜੀ ਕਾਲ ’ਤੇ ਗੱਲ ਕੀਤੀ। ਇਸ ਦੌਰਾਨ ਉਸ ਦੀ 11 ਮਿੰਟ 33 ਸਕਿੰਟ ਤੱਕ ਗੱਲ ਹੋਈ।

ਇਹ ਵੀ ਪੜ੍ਹੋ - ਸਾਵਧਾਨ! Google Maps ਨੇ ਪੰਜ ਦੋਸਤ ਕਰ ਦਿੱਤੇ 'ਲਾਪਤਾ', ਕਈ ਘੰਟਿਆਂ ਬਾਅਦ ਲੱਭੇ ਪੁਲਸ ਨੂੰ

ਜੁਡੀਸ਼ੀਅਲ ਕਮਿਸ਼ਨ 2 ਮਹੀਨਿਆਂ ’ਚ ਸੌਂਪੇਗਾ ਰਿਪੋਰਟ
ਯੋਗੀ ਸਰਕਾਰ ਨੇ ਹਾਦਸੇ ਦੀ ਜਾਂਚ ਲਈ ਜੁਡੀਸ਼ੀਅਲ ਕਮਿਸ਼ਨ ਦਾ ਗਠਨ ਕੀਤਾ ਹੈ। ਇਸ ਦੀ ਪ੍ਰਧਾਨਗੀ ਇਲਾਹਾਬਾਦ ਹਾਈ ਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਬ੍ਰਿਜੇਸ਼ ਕੁਮਾਰ ਸ੍ਰੀਵਾਸਤਵ ਕਰਨਗੇ। ਸੇਵਾਮੁਕਤ ਆਈ. ਏ. ਐੱਸ ਹੇਮੰਤ ਰਾਓ ਅਤੇ ਸੇਵਾਮੁਕਤ ਡੀ. ਜੀ. ਭਾਵੇਸ਼ ਕੁਮਾਰ ਸਿੰਘ ਕਮਿਸ਼ਨ ਦੇ ਮੈਂਬਰ ਹਨ। ਟੀਮ 2 ਮਹੀਨਿਆਂ ਵਿਚ ਜਾਂਚ ਪੂਰੀ ਕਰ ਕੇ ਸਰਕਾਰ ਨੂੰ ਰਿਪੋਰਟ ਸੌਂਪੇਗੀ। ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨਾ ਵਾਪਰਨ ਨੂੰ ਯਕੀਨੀ ਬਣਾਉਣ ਲਈ ਸੁਝਾਅ ਵੀ ਦਿੱਤੇ ਜਾਣਗੇ।

ਕੌਣ ਹੈ ਪ੍ਰਬੰਧਕ, ਜਿਸ ’ਤੇ ਹੈ ਇਕ ਲੱਖ ਦਾ ਈਨਾਮ
ਹਾਥਰਸ ਭਾਜੜ ਕਾਂਡ ਵਿਚ ਪੁਲਸ ਨੇ ਭੋਲੇ ਬਾਬਾ ਦੇ ਮੁੱਖ ਸੇਵਾਦਾਰ ਦੇਵ ਪ੍ਰਕਾਸ਼ ਮਧੂਕਰ ਨੂੰ ਮੁੱਖ ਮੁਲਜ਼ਮ ਬਣਾਇਆ ਹੈ। ਉਸ ’ਤੇ 1 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਹੈ। ਦੇਵ ਪ੍ਰਕਾਸ਼ ਮਧੂਕਰ ਹਾਥਰਸ ਦੇ ਦਮਦਮਪੁਰਾ ਇਲਾਕੇ ਦੀ ਨਿਊ ਕਾਲੋਨੀ ਵਿਚ ਰਹਿੰਦਾ ਹੈ।  ਉਹ ਪੰਚਾਇਤੀ ਰਾਜ ਵਿਭਾਗ ਵਿਚ ਇੰਜੀਨੀਅਰ ਹੈ। ਘਟਨਾ ਤੋਂ ਬਾਅਦ ਦੇਵ ਪ੍ਰਕਾਸ਼ ਮਧੂਕਰ ਦੇ ਘਰ ਲੋਕਾਂ ਦੀ ਭੀੜ ਇਕੱਠੀ ਹੋ ਗਈ ਪਰ ਦੇਵ ਪ੍ਰਕਾਸ਼ ਦੇ ਘਰ ਨੂੰ ਤਾਲਾ ਲੱਗਾ ਹੋਇਆ ਸੀ। ਉਹ ਆਪਣੇ ਪੂਰੇ ਪਰਿਵਾਰ ਸਮੇਤ ਗਾਇਬ ਹੋ ਗਿਆ ਹੈ। ਇਸ ਤੋਂ ਬਾਅਦ ਲੋਕਾਂ ਨੇ ਉਸ ਦੇ ਘਰ ਦੇ ਸਾਹਮਣੇ ‘ਜੈ ਭੀਮ’ ਦੇ ਨਾਅਰੇ ਲਾਏ।

ਇਹ ਵੀ ਪੜ੍ਹੋ - ਵਤਨ ਪਰਤਣ ਤੋਂ ਬਾਅਦ PM ਮੋਦੀ ਨੂੰ ਮਿਲੀ ਭਾਰਤੀ ਕ੍ਰਿਕਟ ਟੀਮ, ਖੂਬ ਕੀਤਾ ਹਾਸਾ-ਮਜ਼ਾਕ, ਵੀਡੀਓ ਵਾਇਰਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News