CBSE ਬੋਰਡ ਦਾ ਵੱਡਾ ਫੈਸਲਾ, ਪ੍ਰੀਖਿਆ ਪੈਟਰਨ ''ਚ ਕੀਤਾ ਬਦਲਾਅ
Wednesday, Nov 13, 2019 - 11:33 AM (IST)

ਨਵੀਂ ਦਿੱਲੀ— ਸਮੇਂ-ਸਮੇਂ 'ਤੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ. ਬੀ. ਐੱਸ. ਈ.) ਵਲੋਂ ਕਈ ਬਦਲਾਅ ਕੀਤੇ ਜਾਂਦੇ ਹਨ। ਹੁਣ ਸੀ. ਬੀ. ਐੱਸ. ਈ. ਵਲੋਂ ਸੈਸ਼ਨ 2019-20 ਦੀ ਪ੍ਰੀਖਿਆ ਪੈਟਰਨ 'ਚ ਬਦਲਾਅ ਕੀਤਾ ਗਿਆ ਹੈ। ਹੁਣ ਜਿਨ੍ਹਾਂ ਵਿਸ਼ਿਆਂ 'ਚ ਪ੍ਰੈਟੀਕਲ ਅਤੇ ਇੰਟਰਨਲ ਅਸੈਸਮੇਂਟ ਨਹੀਂ ਹੁੰਦਾ ਹੈ, ਉਨ੍ਹਾਂ 'ਚ ਜ਼ਿਆਦਾਤਰ ਵਿਸ਼ਿਆਂ ਵਿਚ 20 ਅੰਕ ਦਾ ਇੰਟਰਨਲ ਅਸੈਸਮੈਂਟ ਲਾਗੂ ਕਰ ਦਿੱਤਾ ਗਿਆ ਹੈ। ਬਦਲੇ ਪ੍ਰੀਖਿਆ ਪੈਟਰਨ ਨੂੰ ਲੈ ਕੇ ਸਾਰੇ ਸਕੂਲਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪ੍ਰੀ-ਬੋਰਡ ਪ੍ਰੀਖਿਆ ਵੀ ਇਸੇ ਪੈਟਰਨ 'ਤੇ ਲਈ ਜਾਵੇਗੀ, ਤਾਂ ਕਿ ਵਿਦਿਆਰਥੀ ਤਿਆਰ ਹੋ ਸਕਣ।
ਬੋਰਡ ਨੇ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਲਈ ਥਿਊਰੀ, ਪ੍ਰਾਜੈਕਟ ਅਤੇ ਇੰਟਰਨਲ ਅਸੈਸਮੈਂਟ 'ਚ ਅੰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਸੀ. ਬੀ. ਐੱਸ. ਈ. ਮੁਤਾਬਕ ਪ੍ਰੈਟੀਕਲ ਅਤੇ ਪ੍ਰਾਜੈਕਟ ਪ੍ਰੀਖਿਆ ਅਧਿਕਾਰੀ ਲੈਣਗੇ, ਜਦਕਿ ਇੰਟਰਨਲ ਅਸੈਸਮੈਂਟ ਅਧਿਆਪਕ ਹੀ ਕਰਨਗੇ। 10ਵੀਂ ਦੇ ਵਿਦਿਆਰਥੀਆਂ ਨੂੰ ਪਾਸ ਹੋਣ ਲਈ ਹਰੇਕ ਵਿਸ਼ੇ 'ਚ ਪ੍ਰੈਟੀਕਲ ਅਤੇ ਥਿਊਰੀ ਨੂੰ ਮਿਲਾ ਕੇ 33 ਫੀਸਦੀ ਅੰਕ ਪ੍ਰਾਪਤ ਹੋਣਗੇ ਪਰ 12ਵੀਂ ਦੇ ਵਿਦਿਆਰਥੀਆਂ ਨੂੰ ਪ੍ਰੈਟੀਕਲ, ਥਿਊਰੀ ਅਤੇ ਇੰਟਰਨਲ ਅਸੈਸਮੈਂਟ 'ਚ ਵੱਖ-ਵੱਖ 33 ਫੀਸਦੀ ਅੰਕ ਪ੍ਰਾਪਤ ਕਰਨਾ ਜ਼ਰੂਰੀ ਹੋਵੇਗਾ।
ਉੱਥੇ ਹੀ 12ਵੀਂ 'ਚ ਪਹਿਲਾਂ ਹਿੰਦੀ, ਅੰਗਰੇਜ਼ੀ ਅਤੇ ਗਣਿਤ ਆਦਿ ਵਿਸ਼ਿਆਂ ਵਿਚ ਪ੍ਰੀਖਿਆ 100 ਅੰਕ ਦੀ ਹੁੰਦੀ ਸੀ, ਹੁਣ ਇਸ 'ਚ 20 ਅੰਕਾਂ ਦੀ ਇੰਟਰਨਲ ਅਸੈਸਮੈਂਟ ਹੋਵੇਗੀ। ਜਿਨ੍ਹਾਂ ਵਿਸ਼ਿਆਂ ਦੀ ਥਿਊਰੀ ਪ੍ਰੀਖਿਆ 70 ਅੰਕਾਂ ਦੀ ਹੋਵੇਗੀ, ਉਸ 'ਚ ਘੱਟ ਤੋਂ ਘੱਟ 23 ਅੰਕ ਅਤੇ 30 ਅੰਕਾਂ ਦੀ ਪ੍ਰੈਟੀਕਲ ਪ੍ਰੀਖਿਆ ਵਿਚ 9 ਅੰਕ ਲਿਆਉਣੇ ਜ਼ਰੂਰੀ ਹੋਣਗੇ। ਬੋਰਡ ਨੇ 16 ਤੋਂ 30 ਦਸੰਬਰ ਤਕ 10ਵੀਂ, 12ਵੀਂ ਜਮਾਤ ਦੀ ਪ੍ਰੀ-ਬੋਰਡ ਪ੍ਰੀਖਿਆਵਾਂ ਕਰਾਉਣ ਦਾ ਫੈਸਲਾ ਲਿਆ ਹੈ।