CBI ਨੇ ਪੁੱਛ-ਗਿੱਛ ਲਈ ਮਨੀਸ਼ ਸਿਸੋਦੀਆ ਨੂੰ ਭੇਜਿਆ ਸੰਮਨ, ਡਿਪਟੀ CM ਬੋਲੇ- ‘ਸਤਿਆਮੇਵ ਜਯਤੇ’
Sunday, Oct 16, 2022 - 12:46 PM (IST)
ਨਵੀਂ ਦਿੱਲੀ- ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਆਬਕਾਰੀ ਨੀਤੀ ਕੇਸ ’ਚ ਸੀ. ਬੀ. ਆਈ. ਨੇ ਸੰਮਨ ਭੇਜਿਆ ਹੈ। ਉਨ੍ਹਾਂ ਨੂੰ ਸੋਮਵਾਰ ਯਾਨੀ ਕਿ ਭਲਕੇ 11 ਵਜੇ ਸੀ. ਬੀ. ਆਈ. ਨੇ ਪੁੱਛ-ਗਿੱਛ ਲਈ ਬੁਲਾਇਆ ਹੈ। ਸਿਸੋਦੀਆ ਕੱਲ ਸਵੇਰੇ 11 ਵਜੇ ਦਿੱਲੀ ’ਚ ਸੀ. ਬੀ. ਆਈ. ਦੇ ਦਫ਼ਤਰ ’ਚ ਏਜੰਸੀ ਦੇ ਸਵਾਲਾਂ ਦਾ ਸਾਹਮਣਾ ਕਰਨਗੇ।
ਇਹ ਵੀ ਪੜ੍ਹੋ- ਲੁਕਾਉਣ ਲਈ ਕੁਝ ਨਹੀਂ ਹੈ ਮੇਰੇ ਕੋਲ, ਆਪਣਾ ਕੰਮ ਈਮਾਨਦਾਰੀ ਨਾਲ ਕੀਤਾ : ਮਨੀਸ਼ ਸਿਸੋਦੀਆ
ਸੰਮਨ ਜਾਰੀ ਹੋਣ ਮਗਰੋਂ ਸਿਸੋਦੀਆ ਦੀ ਵੀ ਪ੍ਰਤੀਕਿਰਿਆ ਆਈ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ, ‘‘ਮੇਰੇ ਘਰ ’ਚ 14 ਘੰਟੇ ਸੀ. ਬੀ. ਆਈ. ਰੇਡ ਕਰਵਾਈ, ਕੁਝ ਨਹੀਂ ਨਿਕਲਿਆ। ਮੇਰਾ ਬੈਂਕ ਲਾਕਰ ਤਲਾਸ਼ਿਆ, ਉਸ ’ਚੋਂ ਕੁਝ ਨਹੀਂ ਨਿਕਲਿਆ। ਮੇਰੇ ਪਿੰਡ ’ਚ ਇਨ੍ਹਾਂ ਨੂੰ ਕੁਝ ਨਹੀਂ ਮਿਲਿਆ। ਹੁਣ ਇਨ੍ਹਾਂ ਨੇ ਕੱਲ 11 ਵਜੇ ਮੈਨੂੰ ਸੀ. ਬੀ. ਆਈ. ਹੈੱਡਕੁਆਰਟਰ ਬੁਲਾਇਆ ਹੈ। ਮੈਂ ਜਾਵਾਂਗਾ ਅਤੇ ਪੂਰਾ ਸਹਿਯੋਗ ਕਰਾਂਗਾ। ਸੱਤਿਆਮੇਵ ਜਯਤੇ।’’
ਇਹ ਵੀ ਪੜ੍ਹੋ- ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ’ਤੇ CBI ਦਾ ਸ਼ਿਕੰਜਾ, ਗਾਜ਼ੀਆਬਾਦ ’ਚ ਬੈਂਕ ਲਾਕਰ ਦੀ ਲਈ ਤਲਾਸ਼ੀ
ਦੱਸਣਯੋਗ ਹੈ ਕਿ ਆਬਕਾਰੀ ਘਪਲੇ ’ਚ ਮਨੀਸ਼ ਸਿਸੋਦੀਆ ’ਤੇ ਗੰਭੀਰ ਦੋਸ਼ ਲੱਗੇ ਹਨ। ਅਜਿਹੇ ਵਿਚ ਸੀ. ਬੀ. ਆਈ. ਵਲੋਂ ਦਿੱਲੀ ਦੇ ਡਿਪਟੀ ਸੀ. ਐੱਮ. ਨੂੰ ਭੇਜਿਆ ਗਿਆ ਸੰਮਨ ਕਾਫੀ ਅਹਿਮ ਹੈ। ਬੀਤੀ 19 ਅਗਸਤ ਨੂੰ ਸ਼ਰਾਬ ਘਪਲੇ ’ਚ ਸੀ. ਬੀ. ਆਈ. ਨੇ ਮਨੀਸ਼ ਸਿਸੋਦੀਆ ਦੇ ਘਰ ਸਮੇਤ ਦੂਜੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਸੀ। ਇਸ ਮਾਮਲੇ ’ਚ ਜਾਂਚ ਏਜੰਸੀ ਨੇ ਸਿਸੋਦੀਆ ਤੋਂ ਇਲਾਵਾ 14 ਹੋਰ ਲੋਕਾਂ ਨੂੰ ਦੋਸ਼ੀ ਬਣਾਇਆ ਹੈ। ਨਵੀਂ ਸ਼ਰਾਬ ਨੀਤੀ ਨੂੰ ਲੈ ਕੇ ਦਿੱਲੀ ਦੇ ਉਪ ਰਾਜਪਾਲ ਸਕਸੈਨਾ ਨੇ ਸਿਸੋਦੀਆ ਖਿਲਾਫ਼ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ। ਸਕਸੈਨਾ ਨੇ ਕੇਜਰੀਵਾਲ ਸਰਕਾਰ ਦੇ ਮੰਤਰੀ ਸਿਸੋਦੀਆ ’ਤੇ ਨਿਯਮਾਂ ਨੂੰ ਨਜ਼ਰ-ਅੰਦਾਜ ਕਰ ਕੇ ਭ੍ਰਿਸ਼ਟਾਚਾਰ ਕਰਨ ਦੇ ਦੋਸ਼ ਲਾਏ ਹਨ।
ਇਹ ਵੀ ਪੜ੍ਹੋ- ‘ਸ਼ਰਾਬ ਨੀਤੀ’ ’ਤੇ ਅੰਨਾ ਹਜ਼ਾਰੇ ਨੇ ਕੇਜਰੀਵਾਲ ਨੂੰ ਲਿਖੀ ਚਿੱਠੀ, ਕਿਹਾ- ਤੁਸੀਂ ਵੀ ਸੱਤਾ ਦੇ ਨਸ਼ੇ ’ਚ ਡੁੱਬ ਗਏ