ਨੌਕਰੀ ਦੇ ਬਦਲੇ ਜ਼ਮੀਨ ਮਾਮਲੇ ''ਚ CBI ਨੇ 9 ਥਾਵਾਂ ''ਤੇ ਕੀਤੀ ਛਾਪੇਮਾਰੀ

Tuesday, May 16, 2023 - 05:52 PM (IST)

ਨੌਕਰੀ ਦੇ ਬਦਲੇ ਜ਼ਮੀਨ ਮਾਮਲੇ ''ਚ CBI ਨੇ 9 ਥਾਵਾਂ ''ਤੇ ਕੀਤੀ ਛਾਪੇਮਾਰੀ

ਨਵੀਂ ਦਿੱਲੀ/ਪਟਨਾ- ਸੀ. ਬੀ. ਆਈ. ਨੇ ਨੌਕਰੀ ਦੇ ਬਦਲੇ ਜ਼ਮੀਨ ਮਾਮਲੇ ਦੀ ਜਾਂਚ ਦੇ ਸਿਲਸਿਲੇ ਵਿਚ ਮੰਗਲਵਾਰ ਨੂੰ ਕਈ ਸੂਬਿਆਂ ਵਿਚ ਰਾਸ਼ਟਰੀ ਜਨਤਾ ਦਲ (ਰਾਜਦ) ਦੀ ਵਿਧਾਇਕ ਕਿਰਨ ਦੇਵੀ ਅਤੇ ਰਾਜ ਸਭਾ ਮੈਂਬਰ ਪ੍ਰੇਮ ਚੰਦ ਗੁਪਤਾ ਨਾਲ ਸਬੰਧਤ 9 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ।

ਅਧਿਕਾਰੀਆਂ ਨੇ ਦੱਸਿਆ ਕਿ ਬਿਹਾਰ ਦੇ ਆਰਾ ਅਤੇ ਪਟਨਾ ਵਿਚ ਕਿਰਨ ਦੇਵੀ ਅਤੇ ਉਨ੍ਹਾਂ ਦੇ ਪਤੀ ਅਰੁਣ ਸਿੰਘ ਨਾਲ ਸਬੰਧਤ ਕੰਪਲੈਕਸਾਂ ਅਤੇ ਹਰਿਆਣਾ ਦੇ ਗੁਰੂਗ੍ਰਾਮ ਤੇ ਰੇਵਾੜੀ, ਨੋਇਡਾ ਅਤੇ ਦਿੱਲੀ ਵਿਚ ਗੁਪਤਾ ਨਾਲ ਜੁੜੇ ਕੰਪਲੈਕਸਾਂ 'ਤੇ ਛਾਪੇਮਾਰੀ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਸੀ. ਬੀ. ਆਈ. ਅਧਿਕਾਰੀਆਂ ਨੇ ਪਟਨਾ ਦੇ ਹਾਰਡਿੰਗ ਰੋਡ ਸਥਿਤ ਅਧਿਕਾਰਤ ਰਿਹਾਇਸ਼ 'ਤੇ ਛਾਪੇਮਾਰੀ ਕੀਤੀ ਅਤੇ ਕੁਝ ਦਸਤਾਵੇਜ਼ ਇਕੱਠੇ ਕੀਤੇ।

ਅਧਿਕਾਰੀਆਂ ਨੇ ਦੱਸਿਆ ਕਿ ਆਰਾ ਵਿਚ ਕਿਰਨ ਦੇਵੀ ਦੇ ਚੋਣ ਖੇਤਰ ਸੰਦੇਸ਼ ਵਿਚ ਵੀ ਉਨ੍ਹਾਂ ਨਾਲ ਜੁੜੀਆਂ ਜਾਇਦਾਦਾਂ 'ਤੇ ਛਾਪੇਮਾਰੀ ਕੀਤੀ ਗਈ। ਇਹ ਮਾਮਲਾ ਰਾਜਦ ਮੁਖੀ ਲਾਲੂ ਪ੍ਰਸਾਦ ਦੇ 2004 ਤੋਂ 2009 ਵਿਚਾਲੇ ਰੇਲ ਮੰਤਰੀ ਰਹਿਣ ਦੌਰਾਨ ਤੋਹਫ਼ੇ ਵਿਚ ਦਿੱਤੀ ਗਈ ਜਾਂ ਵੇਚੀ ਗਈ ਜ਼ਮੀਨ ਦੇ ਬਦਲੇ ਰੇਲਵੇ ਵਿਚ ਦਿੱਤੀ ਗਈ ਨੌਕਰੀ ਨਾਲ ਜੁੜਿਆ ਹੈ। ਕੇਂਦਰੀ ਰੇਲਵੇ 'ਚ ਭਰਤੀ ਦੇ ਨਿਯਮਾਂ ਅਤੇ ਪ੍ਰਕਿਰਿਆਵਾਂ ਦਾ ਉਲੰਘਣ ਕਰ ਕੇ ਨਿਯੁਕਤੀਆਂ ਕੀਤੀਆਂ ਗਈਆਂ ਸਨ।
 


author

Tanu

Content Editor

Related News