''ਲਾਇਰਜ਼ ਕੁਲੈਕਟਿਵ'' ਦੇ ਦਫਤਰਾਂ ''ਤੇ ਸੀ. ਬੀ. ਆਈ. ਵਲੋਂ ਛਾਪੇ

07/12/2019 1:59:04 AM

ਨਵੀਂ ਦਿੱਲੀ– ਸੀ. ਬੀ. ਆਈ. ਨੇ ਪ੍ਰਸਿੱਧ ਵਕੀਲ ਆਨੰਦ ਗਰੋਵਰ ਦੇ ਗੈਰ-ਸਰਕਾਰੀ ਸੰਗਠਨ (ਐੱਨ. ਜੀ. ਓ.) 'ਲਾਇਰਜ਼ ਕੁਲੈਕਟਿਵ' ਦੇ ਦਫਤਰਾਂ 'ਤੇ ਵੀਰਵਾਰ ਛਾਪੇ ਮਾਰੇ, ਜੋ ਰਾਤ ਦੇਰ ਗਏ ਆਖਰੀ ਖਬਰਾਂ ਆਉਣ ਵੇਲੇ ਤੱਕ ਜਾਰੀ ਸਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਛਾਪੇ ਦਿੱਲੀ ਅਤੇ ਮੁੰਬਈ ਦੇ ਦਫਤਰਾਂ 'ਤੇ ਮਾਰੇ ਗਏ।
ਗਰੋਵਰ ਸਾਬਕਾ ਐਡੀਸ਼ਨਲ ਸਾਲਿਸਟਰ ਜਨਰਲ ਇੰਦਰਾ ਜੈ ਸਿੰਘ ਦੇ ਪਤੀ ਹਨ। ਉਨ੍ਹਾਂ 'ਤੇ ਸੀ. ਬੀ. ਆਈ. ਨੇ ਵਿਦੇਸ਼ੀ ਮਦਦ ਹਾਸਲ ਕਰਨ ਦੇ ਦੋਸ਼ ਹੇਠ ਵਿਦੇਸ਼ੀ ਅੰਸ਼ਦਾਨ ਐਕਟ ਅਧੀਨ ਮਾਮਲਾ ਦਰਜ ਕੀਤਾ ਹੈ। 'ਲਾਇਰਜ਼ ਕੁਲੈਕਟਿਵ' ਨੇ ਸੀ. ਬੀ. ਆਈ. ਦੇ ਸਭ ਦੋਸ਼ਾਂ ਨੂੰ ਰੱਦ ਕੀਤਾ ਹੈ। ਇੰਦਰਾ ਜੈ ਸਿੰਘ ਨੇ ਆਪਣੇ ਅਤੇ ਆਪਣੇ ਪਤੀ ਦੇ ਦਫਤਰਾਂ ਅਤੇ ਨਿਵਾਸ ਵਿਖੇ ਮਾਰੇ ਗਏ ਛਾਪਿਆਂ 'ਤੇ ਕਿਹਾ ਕਿ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਕਾਰਣ ਉਨ੍ਹਾਂ ਨੂੰ ਨਿਸ਼ਾਨੇ 'ਤੇ ਲਿਆ ਜਾ ਰਿਹਾ ਹੈ। ਇੰਦਰਾ ਜੈ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਅਤੇ ਮੇਰੇ ਪਤੀ ਦੋਵੇਂ ਹੀ ਪਿਛਲੇ ਕਈ ਸਾਲਾਂ ਤੋਂ ਮਨੁੱਖੀ ਅਧਿਕਾਰਾਂ ਲਈ ਕੰਮ ਕਰ ਰਹੇ ਹਾਂ ਅਤੇ ਇਹ ਕੰਮ ਕਈਆਂ ਨੂੰ ਚੁਭਦਾ ਹੈ।
ਸੀ. ਬੀ. ਆਈ. ਨੇ ਕੇਂਦਰੀ ਗ੍ਰਹਿ ਮੰਤਰਾਲਾ ਦੀ ਸ਼ਿਕਾਇਤ ਦੇ ਆਧਾਰ 'ਤੇ ਗਰੋਵਰ ਅਤੇ ਉਨ੍ਹਾਂ ਦੇ ਐੱਨ. ਜੀ. ਓ. ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ ਸੀ। ਮੰਤਰਾਲਾ ਨੇ ਦੋਸ਼ ਲਾਇਆ ਸੀ ਕਿ ਗਰੁੱਪ ਵਲੋਂ ਹਾਸਲ ਵਿਦੇਸ਼ੀ ਮਦਦ ਦੀ ਵਰਤੋਂ ਸਮੇਂ ਕਈ ਬੇਨਿਯਮੀਆਂ ਦਾ ਪਾਲਣ ਕੀਤਾ ਗਿਆ।


KamalJeet Singh

Content Editor

Related News