ਮਣੀਪੁਰ ’ਚ ਔਰਤਾਂ ਨੂੰ ਨਗਨ ਘੁਮਾਉਣ ਦੇ ਮਾਮਲੇ ''ਚ CBI ਨੇ 6 ਲੋਕਾਂ ਵਿਰੁੱਧ ਦਾਇਰ ਕੀਤੀ ਚਾਰਜਸ਼ੀਟ

10/17/2023 1:07:45 PM

ਨਵੀਂ ਦਿੱਲੀ, (ਭਾਸ਼ਾ)- ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਇਸ ਸਾਲ ਮਈ ਵਿੱਚ ਮਣੀਪੁਰ ਦੇ ਕਾਂਗਪੋਕਪੀ ਜ਼ਿਲੇ ਵਿੱਚ ਦੋ ਆਦਿਵਾਸੀ ਔਰਤਾਂ ਨੂੰ ਨਗਨ ਕਰ ਕੇ ਘੁਮਾਉਣ ਦੇ ਦੋਸ਼ ਹੇਠ ਇੱਕ ਨਾਬਾਲਗ ਸਮੇਤ 6 ਵਿਅਕਤੀਆਂ ਵਿਰੁੱਧ ਸੋਮਵਾਰ ਚਾਰਜਸ਼ੀਟ ਦਾਖ਼ਲ ਕੀਤੀ। ਇਸ ਸਾਲ ਜੁਲਾਈ ਵਿੱਚ ਇਸ ਘਟਨਾ ਦੀ ਇੱਕ ਵੀਡੀਓ ਸਾਹਮਣੇ ਆਈ ਸੀ। ਦੇਸ਼-ਵਿਦੇਸ਼ ਵਿੱਚ ਇਸ ਦੀ ਸਖ਼ਤ ਨਿੰਦਾ ਹੋਈ ਸੀ। ਸੁਪਰੀਮ ਕੋਰਟ ਨੇ ਮਾਮਲੇ ਵਿੱਚ ਦਖਲ ਦਿੱਤਾ ਸੀ ਅਤੇ ਇਸ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪ ਦਿੱਤੀ ਸੀ।

ਜਾਂਚ ਏਜੰਸੀ ਨੇ ਗੁਹਾਟੀ ’ਚ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਵਿੱਚ ਇਹ ਚਾਰਜਸ਼ੀਟ ਦਾਇਰ ਕੀਤੀ ਹੈ। ਦੋਸ਼ ਹੈ ਕਿ 4 ਮਈ ਨੂੰ ਫੇਨੋਮ ਪਿੰਡ ’ਚ ਲਗਭਗ 900-1000 ਹਥਿਆਰਬੰਦ ਲੋਕਾਂ ਦੀ ਇੱਕ ਭੀੜ ਨੇ ਦਾਖਲ ਹੋ ਕੇ ਘਰਾਂ ਵਿੱਚ ਭੰਨਤੋੜ , ਸਾੜ-ਫੂਕ ਤੇ ਲੁੱਟਮਾਰ ਕੀਤੀ। ਨਾਲ ਹੀ ਪਿੰਡ ਵਾਸੀਆਂ ਨੂੰ ਮਾਰਿਆ ਅਤੇ ਔਰਤਾਂ ਦਾ ਸੈਕਸ ਸ਼ੋਸ਼ਣ ਕੀਤਾ।

ਇਹ ਵੀ ਦੋਸ਼ ਹੈ ਕਿ ਗੁੱਸੇ 'ਚ ਆਈ ਭੀੜ ਨੇ ਇਕ ਨਗਨ ਔਰਤ ਦੇ ਦੋ ਪਰਿਵਾਰਕ ਮੈਂਬਰਾਂ ਨੂੰ ਵੀ ਮਾਰ ਦਿੱਤਾ। ਸੀ.ਬੀ.ਆਈ. ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਮਣੀਪੁਰ ਪੁਲਸ ਵਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਇਸ ਘਟਨਾ ਵਿੱਚ ਸ਼ਾਮਲ ਸਨ, ਜਿਸ ਤੋਂ ਬਾਅਦ ਸੋਮਵਾਰ ਉਨ੍ਹਾਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਗਈ।


Rakesh

Content Editor

Related News