CBI ਡਾਇਰੈਕਟਰ ਆਲੋਕ ਵਰਮਾ ਨੇ ਛੁੱਟੀ ''ਤੇ ਭੇਜਣ ਦੇ ਫੈਸਲੇ ਨੂੰ ਦਿੱਤੀ ਚੁਣੌਤੀ
Wednesday, Oct 24, 2018 - 02:00 PM (IST)

ਨਵੀਂ ਦਿੱਲੀ (ਭਾਸ਼ਾ)— ਸੁਪਰੀਮ ਕੋਰਟ ਬੁੱਧਵਾਰ ਨੂੰ ਸੀ. ਬੀ. ਆਈ. ਡਾਇਰੈਕਟਰ ਆਲੋਕ ਕੁਮਾਰ ਵਰਮਾ ਦੀ ਅਰਜ਼ੀ 'ਤੇ ਸੁਣਵਾਈ ਕਰਨ 'ਤੇ ਸਹਿਮਤ ਹੋ ਗਿਆ ਹੈ। ਇਹ ਸੁਣਵਾਈ 26 ਅਕਤੂਬਰ ਨੂੰ ਹੋਵੇਗੀ। ਵਰਮਾ ਨੇ ਖੁਦ ਨੂੰ ਛੁੱਟੀ 'ਤੇ ਭੇਜੇ ਜਾਣ ਅਤੇ ਸਾਰੇ ਅਧਿਕਾਰ ਵਾਪਸ ਲਏ ਜਾਣ ਦੇ ਕੇਂਦਰ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ। ਇੱਥੇ ਦੱਸ ਦੇਈਏ ਕਿ ਵਰਮਾ ਅਤੇ ਏਜੰਸੀ ਦੇ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਵਿਚਾਲੇ ਵਿਵਾਦ ਦੇ ਮੱਦੇਨਜ਼ਰ ਕੇਂਦਰ ਨੇ ਦੋਹਾਂ ਨੂੰ ਛੁੱਟੀ 'ਤੇ ਭੇਜ ਦਿੱਤਾ ਹੈ।
ਜਸਟਿਸ ਰੰਜਨ ਗੋਗੋਈ, ਜਸਟਿਸ ਐੱਸ. ਕੇ. ਕੌਲ ਅਤੇ ਜਸਟਿਸ ਕੇ. ਐੱਮ. ਜੋਸੇਫ ਦੀ ਬੈਂਚ ਵਰਮਾ ਦੀਆਂ ਦਲੀਲਾਂ ਤੋਂ ਸਹਿਮਤ ਹੋਈ ਹੈ ਅਤੇ ਕਿਹਾ ਕਿ ਪਟੀਸ਼ਨ 'ਤੇ 26 ਅਕਤੂਬਰ ਨੂੰ ਸੁਣਵਾਈ ਕੀਤੀ ਜਾਵੇਗੀ। ਸੀ. ਬੀ. ਆਈ. ਚੀਫ ਆਲੋਕ ਕੁਮਾਰ ਵਰਮਾ ਨੇ ਸੰਯੁਕਤ ਡਾਇਰੈਕਟਰ ਐੱਮ. ਨਾਗੇਸ਼ਵਰ ਰਾਵ ਨੂੰ ਜਾਂਚ ਏਜੰਸੀ ਦਾ ਡਾਇਰੈਕਟਰ ਨਿਯੁਕਤ ਕੀਤੇ ਜਾਣ ਦੇ ਫੈਸਲੇ ਨੂੰ ਵੀ ਚੁਣੌਤੀ ਦਿੱਤੀ ਹੈ। ਦੱਸਣਯੋਗ ਹੈ ਕਿ ਆਲੋਕ ਕੁਮਾਰ ਵਰਮਾ ਅਤੇ ਰਾਕੇਸ਼ ਅਸਥਾਨਾ ਵਿਚਾਲੇ ਹਾਲ ਹੀ 'ਚ ਵਿਵਾਦ ਡੂੰਘਾ ਹੋ ਗਿਆ, ਜਿਸ ਤੋਂ ਬਾਅਦ ਸੀ. ਬੀ. ਆਈ. ਨੇ ਰਿਸ਼ਵਤਖੋਰੀ ਦੇ ਇਕ ਮਾਮਲੇ ਵਿਚ ਆਪਣੇ ਹੀ ਸਪੈਸ਼ਲ ਡਾਇਰੈਕਟਰ ਅਸਥਾਨਾ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ। ਇਸ ਸਿਲਸਿਲੇ ਵਿਚ ਸੀ. ਬੀ. ਆਈ. ਨੇ ਆਪਣੇ ਹੀ ਡੀ. ਐੱਸ. ਪੀ. ਦੇਵੇਂਦਰ ਕੁਮਾਰ ਨੂੰ ਗ੍ਰਿਫਤਾਰ ਵੀ ਕੀਤਾ ਹੈ।