CBI ਨੂੰ ਮਿਲੀ ਵੱਡੀ ਕਾਮਯਾਬੀ, ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਰੂਸ-ਯੂਕ੍ਰੇਨ ਜੰਗ ''ਚ ਧੱਕਣ ਵਾਲੇ ਗਿਰੋਹ ਦਾ ਪਰਦਾਫਾਸ਼
Friday, Mar 08, 2024 - 05:22 AM (IST)
ਨੈਸ਼ਨਲ ਡੈਸਕ- ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਛਾਪੇਮਾਰੀ ਕਰ ਕੇ ਭਾਰਤੀ ਨੌਜਵਾਨਾਂ ਨੂੰ ਨੌਕਰੀਆਂ ਤੇ ਪੈਸੇ ਕਮਾਉਣ ਦਾ ਲਾਲਚ ਦੇ ਕੇ ਰੂਸ-ਯੂਕ੍ਰੇਨ ਦੀ ਜੰਗ 'ਚ ਭੇਜਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।
ਸੀ.ਬੀ.ਆਈ. ਨੇ ਟ੍ਰੈਵਲ ਏਜੰਟ ਅਤੇ ਵੀਜ਼ਾ ਕੰਸਲਟੈਂਸੀ ਫਰਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਲੋਕ ਨੌਜਵਾਨਾਂ ਨੂੰ ਆਪਣੀਆਂ ਗੱਲਾਂ 'ਚ ਲੈ ਕੇ ਚੰਗੇ ਪੈਸੇ ਕਮਾਉਣ ਅਤੇ ਨੌਕਰੀ ਦਾ ਝਾਂਸਾ ਦੇ ਕੇ ਗੈਰ-ਕਾਨੂੰਨੀ ਤਰੀਕੇ ਨਾਲ ਰੂਸ-ਯੂਕ੍ਰੇਨ ਦੀ ਜੰਗ 'ਚ ਭੇਜਦੇ ਸਨ। ਇਹ ਗਿਰੋਹ ਪੂਰੇ ਦੇਸ਼ 'ਚ ਫੈਲਿਆ ਹੋਇਆ ਹੈ, ਜਿਨ੍ਹਾਂ 'ਚੋਂ ਸੀਬੀਆਈ ਨੇ ਦਿੱਲੀ, ਤ੍ਰਿਵੇਂਦਰਮ, ਮੁੰਬਈ, ਅੰਬਾਲਾ, ਚੰਡੀਗੜ੍ਹ, ਮਦੁਰਾਈ ਅਤੇ ਚੇਨਈ ਦੀਆਂ 13 ਥਾਵਾਂ 'ਤੇ ਛਾਪੇਮਾਰੀ ਕਰ ਕੇ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।
ਇਹ ਵੀ ਪੜ੍ਹੋ- ਸ਼ੁੱਭਕਰਨ ਦੇ ਭੋਗ 'ਤੇ ਹੋਏ ਖ਼ਰਚੇ ਦੀ ਅਨਾਊਂਸਮੈਂਟ ਹੋਈ ਵਾਇਰਲ, ਪਿੰਡ ਦੇ ਮੁਖੀ ਮੰਗ ਰਹੇ ਇਕੱਠਾ ਹੋਇਆ ਚੜ੍ਹਾਵਾ
ਇਨ੍ਹਾਂ ਫਰਮਾਂ 'ਚ 24X7 ਆਰ.ਏ.ਐੱਸ. ਓਵਰਸੀਜ਼ ਫਾਊਂਡੇਸ਼ਨ, ਕੇ.ਜੀ.ਮਾਰਗ ਨਵੀਂ ਦਿੱਲੀ ਤੇ ਇਸ ਦਾ ਨਿਰਦੇਸ਼ਕ ਸੂਯਸ਼ ਮੁਕੁਟ, ਓ.ਐੱਸ.ਡੀ. ਬ੍ਰਦਰਸ ਟ੍ਰੈਵਲ ਐਂਡ ਵੀਜ਼ਾ ਸਰਵਿਸਿਜ਼ ਪ੍ਰਾਈਵੇਟ ਲਿਮੀਟੇਡ, ਮੁੰਬਈ ਅਤੇ ਇਸ ਦੇ ਨਿਰਦੇਸ਼ਕ ਰਾਕੇਸ਼ ਪਾਂਡੇ, ਅਡਵੈਂਚਰ ਵੀਜ਼ਾ ਸਰਵਿਸਿਜ਼ ਪ੍ਰਾਈਵੇਟ ਲਿਮਿਟੇਡ, ਚੰਡੀਗੜ੍ਹ ਤੇ ਨਿਰਦੇਸ਼ਕ ਮਨਜੀਤ ਸਿੰਘ, ਬਾਬਾ ਵਲਾਗਸ ਓਵਰਸੀਜ਼ ਰਿਕ੍ਰੂਟਮੈਂਟ ਸਾਲਿਊਸ਼ਨਜ਼ ਪ੍ਰਾਈਵੇਟ ਲਿਮੀਟੇਡ, ਦੁਬਈ ਅਤੇ ਇਸ ਦੇ ਨਿਰਦੇਸ਼ਕ ਫੈਜ਼ਲ ਅਬਦੁਲ ਮੁਤਾਲਿਬ ਖ਼ਾਨ ਉਰਫ਼ ਬਾਬਾ 'ਤੇ ਕਾਰਵਾਈ ਕੀਤੀ ਗਈ ਹੈ।
ਸੀਬੀਆਈ ਨੇ ਬਿਆਨਾਂ 'ਚ ਕਿਹਾ ਕਿ ਇਹ ਟ੍ਰੈਵਲ ਏਜੰਟ ਅਤੇ ਫਰਮਾਂ ਮਨੁੱਖੀ ਤਸਕਰੀ ਇਕ ਗਿਰੋਹ ਦੇ ਤੌਰ 'ਤੇ ਕੰਮ ਕਰ ਰਹੇ ਸਨ ਤੇ ਯੂਟਿਊਬ ਅਤੇ ਹੋਰ ਸੋਸ਼ਲ ਮੀਡੀਆ ਸਾਈਟਾਂ 'ਤੇ ਪੋਸਟਾਂ ਪਾ ਕੇ ਭਾਰਤੀ ਨੌਜਵਾਨਾਂ ਨੂੰ ਰੂਸ 'ਚ ਜ਼ਿਆਦਾ ਤਨਖ਼ਾਹ ਵਾਲੀਆਂ ਨੌਕਰੀਆਂ ਦਾ ਝਾਂਸਾ ਦਿੰਦੇ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਤਸਕਰੀ ਕਰ ਕੇ ਲੜਾਈ ਦੀ ਸਿਖਲਾਈ ਦਿੱਤੀ ਜਾਂਦੀ ਸੀ ਤੇ ਉਨ੍ਹਾਂ ਦੀ ਮਰਜ਼ੀ ਦੇ ਖ਼ਿਲਾਫ਼ ਉਨ੍ਹਾਂ ਦੀ ਜਾਨ ਖ਼ਤਰੇ 'ਚ ਪਾ ਕੇ ਰੂਸ-ਯੂਕ੍ਰੇਨ ਦੀ ਜੰਗ 'ਚ ਧੱਕਿਆ ਜਾਂਦਾ ਸੀ। ਇਸ ਦੌਰਾਨ ਕਈ ਨੌਜਵਾਨ ਗੰਭੀਰ ਰੂਪ 'ਚ ਜ਼ਖਮੀ ਵੀ ਹੋਏ ਹਨ।
ਇਹ ਵੀ ਪੜ੍ਹੋ- ''ਤੁਹਾਡੇ ਘਰ ਮਾੜਾ ਟਾਈਮ ਆਉਣ ਵਾਲਾ ਹੈ, ਟਾਲਣ ਲਈ ਕਰਨਾ ਪਵੇਗਾ ਹਵਨ'', ਕਹਿ ਕੇ ਲੁੱਟ ਲਿਆ NRI ਪਰਿਵਾਰ
ਇਨ੍ਹਾਂ ਫਰਮਾਂ ਖ਼ਿਲਾਫ਼ 6 ਮਾਰਚ ਨੂੰ ਮਨੁੱਖੀ ਤਸਕਰੀ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ, ਜੋ ਕਿ ਬਾਅਦ 'ਚ ਜਾਂਚ ਕਰਨ 'ਤੇ ਸਹੀ ਸਾਬਿਤ ਹੋਇਆ। ਛਾਪੇਮਾਰੀ ਦੌਰਾਨ ਇਨ੍ਹਾਂ ਫਰਮਾਂ ਤੋਂ 50 ਲੱਖ ਤੋਂ ਵੱਧ ਦੀ ਨਕਦੀ, ਦਸਤਾਵੇਜ਼, ਲੈਪਟਾਪ, ਮੋਬਾਈਲ ਫੋਨ, ਕੰਪਿਊਟਰ, ਸੀਸੀਟੀਵੀ ਫੁਟੇਜ ਆਦਿ ਬਰਾਮਦ ਕੀਤੀ ਗਈ ਹੈ। ਇਸ ਮਾਮਲੇ 'ਚ ਹੋਰ ਜਾਂਚ ਜਾਰੀ ਹੈ।
ਹੁਣ ਤੱਕ ਇਨ੍ਹਾਂ ਫਰਮਾਂ ਵੱਲੋਂ 35 ਨੌਜਵਾਨਾਂ ਨੂੰ ਵਿਦੇਸ਼ ਭੇਜੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ ਤੇ ਹੋਰ ਵੀ ਕਈ ਲੋਕਾਂ ਦੀ ਤਸਕਰੀ ਦੀ ਤਿਆਰੀ ਕੀਤੀ ਜਾ ਰਹੀ ਸੀ। ਹੋਰ ਜਾਣਕਾਰੀ ਲਈ ਮਾਮਲੇ ਦੀ ਜਾਂਚ ਡੂੰਘਾਈ ਨਾਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਆਮ ਜਨਤਾ ਨੂੰ ਵੀ ਇਹ ਅਪੀਲ ਕੀਤੀ ਗਈ ਹੈ ਕਿ ਅਜਿਹੇ ਨੌਕਰੀਆਂ ਅਤੇ ਕਮਾਈ ਦਾ ਲਾਲਚ ਦੇ ਕੇ ਵਿਦੇਸ਼ ਭੇਜਣ ਦਾ ਝਾਂਸਾ ਦੇਣ ਵਾਲੇ ਲੋਕਾਂ ਤੋਂ ਬਚਿਆ ਜਾਵੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e