CBI ਨੇ ਆਜ਼ਾਦ ਪੱਤਰਕਾਰ ਅਤੇ ਜਲ ਸੈਨਾ ਦੇ ਸਾਬਕਾ ਕਮਾਂਡਰ ਨੂੰ ਜਾਸੂਸੀ ਦੇ ਮਾਮਲੇ ''ਚ ਕੀਤਾ ਗ੍ਰਿਫ਼ਤਾਰ
Wednesday, May 17, 2023 - 02:39 PM (IST)
ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਇਕ ਆਜ਼ਾਦ ਪੱਤਰਕਾਰ ਅਤੇ ਜਲ ਸੈਨਾ ਦੇ ਇਕ ਸਾਬਕਾ ਕਮਾਂਡਰ ਨੂੰ ਰੱਖਿਆ ਮਾਮਲਿਆਂ ਨਾਲ ਜੁੜੀਆਂ ਸੰਵੇਦਨਸ਼ੀਲ ਸੂਚਨਾਵਾਂ ਨੂੰ ਗੈਰ-ਕਾਨੂੰਨੀ ਰੂਪ ਨਾਲ ਇਕੱਠਾ ਕਰਨ ਅਤੇ ਉਨ੍ਹਾਂ ਨੂੰ ਵਿਦੇਸ਼ੀ ਖੁਫ਼ੀਆ ਏਜੰਸੀਆਂ ਨਾਲ ਸਾਂਝਾ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਆਜ਼ਾਦ ਪੱਤਰਕਾਰ ਵਿਵੇਕ ਰਘੁਵੰਸ਼ੀ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਨ ਤੋਂ ਬਾਅਦ ਸੀ.ਬੀ.ਆਈ. ਨੇ ਮੰਗਲਵਾਰ ਨੂੰ ਜੈਪੁਰ ਅਤੇ ਰਾਸ਼ਟਰੀ ਰਾਜਧਾਨੀ ਖੇਤਰ (ਐੱਨ.ਸੀ.ਆਰ.) 'ਚ ਰਘੁਵੰਸ਼ੀ ਅਤੇ ਉਸ ਦੇ ਕਰੀਬੀ ਲੋਕਾਂ ਨਾਲ ਜੁੜੇ 12 ਥਾਵਾਂ 'ਤੇ ਛਾਪੇਮਾਰੀ ਕੀਤੀ। ਰੱਖਿਆ ਅਤੇ ਰਣਨੀਤਕ ਮਾਮਲਿਆਂ ਦੇ ਇਕ ਅਮਰੀਕੀ ਪੋਰਟਲ ਦੀ ਵੈੱਬਸਾਈਟ 'ਤੇ ਰਘੁਵੰਸ਼ੀ ਦਾ ਨਾਮ ਉਸ ਦੇ ਭਾਰਤੀ ਪੱਤਰਕਾਰ ਵਜੋਂ ਸੂਚੀਬੱਧ ਹੈ। ਏਜੰਸੀ ਨੇ ਰਘੁਵੰਸ਼ੀ ਅਤੇ ਜਲ ਸੈਨਾ ਦੇ ਸਾਬਕਾ ਕਮਾਂਡਰ ਆਸ਼ੀਸ਼ ਪਾਠਕ ਖ਼ਿਲਾਫ਼ ਸਰਕਾਰੀ ਗੁਪਤ ਐਕਟ ਦੀ ਧਾਰਾ 3 (ਜਾਸੂਸੀ) ਅਤੇ ਭਾਰਤੀ ਦੰਡਾਵਲੀ ਦੀ ਧਾਰਾ 120-ਬੀ (ਅਪਰਾਧਕ ਸਾਜਿਸ਼) ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਛਾਪੇ ਦੌਰਾਨ ਕਈ ਸੰਵੇਦਨਸ਼ੀਲ ਦਸਤਾਵੇਜ਼ ਬਰਾਮਦ ਕੀਤੇ ਗਏ ਅਤੇ ਉਨ੍ਹਾਂ ਨੂੰ ਕਾਨੂੰਨੀ ਜਾਂਚ ਲਈ ਭੇਜਿਆ ਗਿਆ ਹੈ।