ਸੀ. ਬੀ. ਆਈ. ਨੇ ਲਾਲੂ ਦੇ ਸਾਬਕਾ ਓ. ਐੱਸ. ਡੀ. ਨੂੰ ਕੀਤਾ ਗ੍ਰਿਫ਼ਤਾਰ
Thursday, Jul 28, 2022 - 11:34 AM (IST)
ਨਵੀਂ ਦਿੱਲੀ (ਭਾਸ਼ਾ)– ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੇ ਸਾਬਕਾ ਓ. ਐੱਸ. ਡੀ. ਯੋਗੀ ਭੋਲਾ ਯਾਦਵ ਨੂੰ ਰੇਲਵੇ ਵਿੱਚ ‘ਜ਼ਮੀਨ ਦੀ ਨੌਕਰੀ’ ਘਪਲੇ ਸਬੰਧੀ ਗ੍ਰਿਫ਼ਤਾਰ ਕੀਤਾ ਹੈ।
ਕਥਿਤ ਘਪਲਾ ਉਦੋਂ ਹੋਇਆ ਜਦੋਂ ਲਾਲੂ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂ.ਪੀ.ਏ.) ਸਰਕਾਰ ਵਿੱਚ ਰੇਲ ਮੰਤਰੀ ਸਨ। ਅਧਿਕਾਰੀਆਂ ਨੇ ਬੁੱਧਵਾਰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸੀ. ਬੀ. ਆਈ. ਨੇ ਭੋਲਾ ਯਾਦਵ ਦੇ ਚਾਰ ਟਿਕਾਣਿਆਂ ’ਤੇ ਵੀ ਛਾਪੇਮਾਰੀ ਕੀਤੀ। ਇਨ੍ਹਾਂ ਵਿੱਚ ਦਰਭੰਗਾ ਅਤੇ ਪਟਨਾ ਵਿੱਚ ਦੋ-ਦੋ ਕੈਂਪਸ ਸ਼ਾਮਲ ਹਨ। ਯਾਦਵ 2005 ਤੋਂ 2009 ਦਰਮਿਆਨ ਲਾਲੂ ਦੇ ਓ. ਐੱਸ. ਡੀ. ਸਨ। ਏਜੰਸੀ ਨੇ ਇਕ ਰੇਲਵੇ ਕਰਮਚਾਰੀ ਹਿਰਦੇਆਨੰਦ ਚੌਧਰੀ ਨੂੰ ਵੀ ਗ੍ਰਿਫਤਾਰ ਕੀਤਾ ਹੈ ਜੋ ਇਸ ਘਪਲੇ ਦਾ ਕਥਿਤ ਲਾਭਪਾਤਰੀ ਹੈ। ਯਾਦਵ ਰਾਜਦ ਦੇ ਸਮਰਥਕਾਂ ਵਿੱਚ ਲਾਲੂ ਦੇ ‘ਹਨੂਮਾਨ’ ਵਜੋਂ ਜਾਣੇ ਜਾਂਦੇ ਹਨ।
ਸੀ. ਬੀ. ਆਈ. ਨੇ ਘਪਲੇ ਸਬੰਧੀ ਯਾਦਵ ਤੋਂ ਪੁੱਛਗਿੱਛ ਕੀਤੀ। ਇਸ ਘਪਲੇ ਵਿੱਚ ਪਟਨਾ ਵਿੱਚ ਇੱਕ ਲੱਖ ਵਰਗ ਫੁੱਟ ਤੋਂ ਵੱਧ ਜ਼ਮੀਨ ਕਥਿਤ ਤੌਰ ’ਤੇ ਰੇਲਵੇ ਵਿੱਚ ਗਰੁੱਪ-ਡੀ ਦੇ ਬਦਲ ਵਜੋਂ ਨੌਕਰੀ ਦੇ ਬਦਲੇ ਲਾਲੂ ਦੇ ਪਰਿਵਾਰਕ ਮੈਂਬਰਾਂ ਦੇ ਨਾਮ ’ਤੇ ਨੌਕਰੀ ਦੇ ਚਾਹਵਾਨ ਪਰਿਵਾਰਾਂ ਤੋਂ ਖਰੀਦੀ ਜਾਂ ਟਰਾਂਸਫਰ ਕੀਤੀ ਗਈ ਸੀ। ਸੀ.ਬੀ.ਆਈ. ਨੂੰ ਸ਼ੱਕ ਹੈ ਕਿ ਯਾਦਵ ਨੇ ਨੌਕਰੀ ਦਿਵਾਉਣ ਅਤੇ ਬਾਅਦ ਵਿੱਚ ਲਾਲੂ ਦੇ ਪਰਿਵਾਰ ਨੂੰ ਜ਼ਮੀਨ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ।