ਮਰੀਜ਼ਾਂ ਦੀ ਜ਼ਿੰਦਗੀ ਨਾਲ ਖਿਲਵਾੜ; ਨਕਲੀ ਰੈਮਡੇਸਿਵਿਰ ਇੰਜੈਕਸ਼ਨ ਮਾਮਲੇ ’ਚ ਹਸਪਤਾਲ ਦੇ ਮਾਲਕ ’ਤੇ ਕੇਸ ਦਰਜ

Monday, May 10, 2021 - 02:06 PM (IST)

ਮਰੀਜ਼ਾਂ ਦੀ ਜ਼ਿੰਦਗੀ ਨਾਲ ਖਿਲਵਾੜ; ਨਕਲੀ ਰੈਮਡੇਸਿਵਿਰ ਇੰਜੈਕਸ਼ਨ ਮਾਮਲੇ ’ਚ ਹਸਪਤਾਲ ਦੇ ਮਾਲਕ ’ਤੇ ਕੇਸ ਦਰਜ

ਜਬਲਪੁਰ— ਕੋਰੋਨਾ ਸੰਕਟਕਾਲ ਦੌਰਾਨ ਮਰੀਜ਼ਾਂ ਨੂੰ ਨਕਲੀ ਰੈਮਡੇਸਿਵਿਰ ਇੰਜੈਕਸ਼ਨ ਮੁਹੱਈਆ ਕਰਾਉਣ ਦੇ ਸਿਲਸਿਲੇ ਵਿਚ ਪੁਲਸ ਨੇ ਇੱਥੋਂ ਦੇ ਇਕ ਹਸਪਤਾਲ ਦੇ ਮਾਲਕ ਸਮੇਤ 3 ਲੋਕਾਂ ਖ਼ਿਲਾਫ਼ ਅਪਰਾਧਕ ਮਾਮਲਾ ਦਰਜ ਕਰ ਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਸੂਤਰਾਂ ਮੁਤਾਬਕ ਓਮਤੀ ਥਾਣਾ ਪੁਲਸ ਨੇ ਕੱਲ੍ਹ ਇੱਥੇ ਇਕ ਹਸਪਤਾਲ ਦੇ ਮਾਲਕ ਸਰਬਜੀਤ ਮੋਖਾ ਅਤੇ ਉਸ ਦੇ ਦੋ ਸਹਿਯੋਗੀਆਂ ਦੇਵੇਸ਼ ਚੌਰਸੀਆ ਅਤੇ ਸਪਨ ਜੈਨ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਦਾ ਮਾਲਕ ਮੋਖਾ ਆਪਣੇ ਸਹਿਯੋਗੀਆਂ ਨਾਲ ਰੈਮਡੇਸਿਵਿਰ ਦੇ ਨਕਲੀ ਇੰਜੈਕਸ਼ਨ ਸਪਲਾਈ ਕਰ ਰਿਹਾ ਸੀ। ਇਸ ਸੰਬੰਧ ਵਿਚ ਗੁਜਰਾਤ ਪੁਲਸ ਨੂੰ ਮਿਲੀ ਸੂਚਨਾ ਦੇ ਆਧਾਰ ’ਤੇ ਜਬਲਪੁਰ ਪੁਲਸ ਸਰਗਰਮ ਹੋਈ ਅਤੇ ਜਾਂਚ-ਪੜਤਾਲ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ। 

ਦਰਅਸਲ ਸਪਨ ਜੈਨ ਨੂੰ ਗੁਜਰਾਤ ਪੁਲਸ ਨੇ ਨਕਲੀ ਰੈਮਡੇਸਿਵਿਰ ਇੰਜੈਕਸ਼ਨ ਦੇ ਦੋਸ਼ ’ਚ 7 ਮਈ ਨੂੰ ਗਿ੍ਰਫ਼ਤਾਰ ਕੀਤਾ ਸੀ। ਸਪਨ ਜੈਨ ਦੇ ਪਰਿਵਾਰਾਂ ਨੇ ਹਸਪਤਾਲ ਦੇ ਮਾਲਕ ਸਰਬਜੀਤ ਮੋਖਾ ’ਤੇ ਨਕਲੀ ਰੈਮਡੇਸਿਵਿਰ ਇੰਜੈਕਸ਼ਨ ਗੁਜਰਾਤ ਤੋਂ ਖਰੀਦੇ ਜਾਣ ਦਾ ਦੋਸ਼ ਲਾਇਆ ਸੀ। ਦੋਸ਼ੀ ਸਪਨ ਜੈਨ ਨੂੰ ਜਦੋਂ ਗੁਜਰਾਤ ਪੁਲਸ ਗਿ੍ਰਫ਼ਤਾਰ ਕਰ ਕੇ ਲੈ ਗਈ ਸੀ ਤਾਂ ਉਸ ਤੋਂ ਬਾਅਦ ਸਰਬਜੀਤ ਮੋਖਾ ਨੇ ਸੋਸ਼ਲ ਮੀਡੀਆ ’ਤੇ ਬਿਆਨ ਜਾਰੀ ਕਰ ਕੇ ਆਪਣੇ ਉੱਪਰ ਲੱਗੇ ਦੋਸ਼ ਨੂੰ ਖਾਰਜ ਕੀਤਾ।

ਜਾਣਕਾਰੀ ਮੁਤਾਬਕ ਸਪਨ ਜੈਨ ਦੀ ਗਿ੍ਰਫ਼ਤਾਰੀ ਵੇਖਣ ਮਗਰੋਂ ਸਰਬਜੀਤ ਮੋਖਾ ਨੂੰ ਦਿਲ ਦਾ ਦੌਰਾ ਪਿਆ। ਮੋਖਾ ਨੂੰ ਸਿਟੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਸੂਤਰਾਂ ਮੁਤਾਬਕ ਮੋਖਾ ਦਾ ਸੱਤਾਧਾਰੀ ਪਾਰਟੀ ਭਾਜਪਾ ਦੇ ਆਗੂਆਂ ਤੱਕ ਪਹੁੰਚ ਹੈ। ਹਸਪਤਾਲ ’ਚ ਕੋਰੋਨਾ ਵਾਇਰਸ ਦੇ ਦਾਖ਼ਲ ਮਰੀਜ਼ਾਂ ਨੂੰ ਨਕਲੀ ਰੈਮਡੇਸਿਵਿਰ ਇੰਜੈਕਸ਼ਨ ਦਿੱਤੇ ਗਏ। ਸੂਤਰ ਇਹ ਦੱਸ ਰਹੇ ਹਨ ਕਿ ਜਿਸ ਤਰ੍ਹਾਂ ਨਾਲ ਜਬਲਪੁਰ ’ਚ ਸੈਂਕੜਿਆਂ ਦੀ ਗਿਣਤੀ ਵਿਚ ਕੋਰੋਨਾ ਪੀੜਤਾਂ ਦੀ ਮੌਤ ਹੋਈ ਹੈ। ਕਿਤੇ ਨਾ ਕਿਤੇ ਉਨ੍ਹਾਂ ਮੌਤਾਂ ਦਾ ਕਾਰਨ ਨਕਲੀ ਰੈਮਡੇਸਿਵਿਰ ਇੰਜੈਕਸ਼ਨ ਤਾਂ ਨਹੀਂ ਸੀ? ਪੁਲਸ ਇਸ ’ਤੇ ਵੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।


author

Tanu

Content Editor

Related News