ਜੰਮੂ ਕਸ਼ਮੀਰ : ਕਾਰ ਫਿਸਲ ਕੇ 300 ਫੁੱਟ ਹੇਠਾਂ ਡਿੱਗੀ, ਜੋੜੇ ਸਮੇਤ 4 ਲੋਕਾਂ ਦੀ ਮੌਤ

Tuesday, May 30, 2023 - 10:34 AM (IST)

ਜੰਮੂ ਕਸ਼ਮੀਰ : ਕਾਰ ਫਿਸਲ ਕੇ 300 ਫੁੱਟ ਹੇਠਾਂ ਡਿੱਗੀ, ਜੋੜੇ ਸਮੇਤ 4 ਲੋਕਾਂ ਦੀ ਮੌਤ

ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ 'ਚ ਚਿਨਾਬ ਨਦੀ ਦੇ ਤੱਟ 'ਤੇ ਇਕ ਨਿੱਜੀ ਕਾਰ ਸੜਕ ਤੋਂ ਫਿਸਲ ਕੇ 300 ਫੁੱਟ ਹੇਠਾਂ ਡਿੱਗ ਗਈ, ਜਿਸ ਨਾਲ ਉਸ 'ਚ ਸਵਾਰ ਜੋੜੇ ਸਮੇਤ 4 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਰੱਗੀ ਨਾਲਾ ਨੇੜੇ ਬਟੋਟੇ-ਕਿਸ਼ਤਵਾੜ ਰਾਜਮਾਰਗ 'ਤੇ ਹੋਇਆ ਅਤੇ ਪੁਲਸ ਤੇ ਸਥਾਨਕ ਲੋਕਾਂ ਵਲੋਂ ਚਲਾਏ ਗਏ ਸੰਯੁਕਤ ਬਚਾਅ ਮੁਹਿੰਮ ਦੌਰਾਨ ਕਈ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਚਾਰੇ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ।

ਮੁਹਿੰਮ ਦੀ ਅਗਵਾਈ ਕਰਨ ਵਾਲੇ ਸੀਨੀਅਰ ਪੁਲਸ ਸੁਪਰਡੈਂਟ (ਐੱਸ.ਐੱਸ.ਪੀ.), ਕਿਸ਼ਤਵਾੜ ਅਬਦੁੱਲ ਕਊਮ ਨੇ ਕਿਹਾ ਕਿ ਕਾਰ ਸਵਾਰ ਪੁਲ-ਡੋਡਾ ਤੋਂ ਜੰਮੂ ਵੱਲ ਜਾ ਰਹੇ ਸਨ, ਉਦੋਂ ਡਰਾਈਵਰ ਨੇ ਇਕ ਗੱਡੀ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਦੌਰਾਨ ਵਾਹਨ ਤੋਂ ਕੰਟਰੋਲ ਗੁਆ ਦਿੱਤਾ ਅਤੇ ਇਹ 300 ਫੁੱਟ ਹੇਠਾਂ ਚਿਨਾਬ ਨਦੀ ਦੇ ਤੱਟ 'ਤੇ ਜਾ ਡਿੱਗਿਆ। ਕਊਮ ਨੇ ਦੱਸਿਆ,''ਚਾਰ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਇਕ ਜ਼ਖ਼ਮੀ ਨੂੰ ਸਰਕਾਰੀ ਮੈਡੀਕਲ ਕਾਲਜ, ਡੋਡਾ 'ਚ ਦਾਖ਼ਲ ਕਰਵਾਇਆ ਗਿਆ ਹੈ।'' ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਤੇਜ਼ ਰਫ਼ਤਾਰ ਗੱਡੀ ਚਲਾਉਣਾ ਇਸ ਹਾਦਸੇ ਦਾ ਕਾਰਨ ਬਣਾਇਆ।


author

DIsha

Content Editor

Related News