ਦਰਦਨਾਕ ਹਾਦਸਾ; ਬੇਕਾਬੂ ਹੋ ਕੇ ਦਰੱਖ਼ਤ ਨਾਲ ਟਕਰਾਈ ਤੇਜ਼ ਰਫ਼ਤਾਰ ਕਾਰ, ਔਰਤ ਸਣੇ 3 ਦੀ ਮੌਤ
Sunday, Sep 24, 2023 - 02:07 PM (IST)
ਸਿਰਸਾ- ਹਰਿਆਣਾ ਦੇ ਸਿਰਸਾ 'ਚ ਨੈਸ਼ਨਲ ਹਾਈਵੇਅ 'ਤੇ ਸਥਿਤ ਪਿੰਡ ਕੋਟਲੀ ਦੇ ਮੋਡ 'ਤੇ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਦਰੱਖ਼ਤ ਨਾਲ ਟਕਰਾ ਗਈ। ਹਾਦਸੇ 'ਚ ਕਾਰ ਸਵਾਰ ਔਰਤ ਸਮੇਤ 3 ਲੋਕਾਂ ਦੀ ਮੌਤ ਹੋ ਗਈ। ਤਿੰਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜਿਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਕਾਰ ਡਰਾਈਵਰ ਸੋਨੂੰ ਪੁੱਤਰ ਦਰਸ਼ਨ ਵਾਸੀ ਖੈਰੇਤੀਖੇੜਾ ਫਤਿਹਾਬਾਦ, ਸੰਜਨਾ ਪੁੱਤਰੀ ਯਸ਼ਪਾਲ ਵਾਸੀ ਐੱਮ. ਸੀ. ਕਾਲੋਨੀ ਸਿਰਸਾ ਅਤੇ ਬਲਰਾਜ ਵਾਸੀ ਮਲੇਕਾਂ ਹਾਲ ਵਾਸੀ ਸੈਕਟਰ-20 ਸਿਰਸਾ ਦੇ ਰੂਪ ਵਿਚ ਹੋਈ ਹੈ।
ਮ੍ਰਿਤਕ ਬਲਰਾਜ ਅਤੇ ਸੋਨੂੰ ਦੋਸਤ ਸਨ। ਬਲਰਾਜ ਇਕ ਬੀਮਾ ਕੰਪਨੀ 'ਚ ਕੰਮ ਕਰਦਾ ਸੀ, ਜਦਕਿ ਸੋਨੂੰ ਦੇ ਸਿਰਸਾ ਅਤੇ ਫਤਿਹਾਬਾਦ 'ਚ ਕੋਚਿੰਗ ਸੈਂਟਰ ਹਨ। 22 ਸਾਲ ਦੀ ਸੰਜਨਾ ਵੀ ਸੋਨੂੰ ਦੇ ਨਾਲ ਕੋਚਿੰਗ ਸੈਂਟਰ 'ਚ ਕੰਮ ਕਰਦੀ ਸੀ। ਸ਼ਨੀਵਾਰ ਨੂੰ ਤਿੰਨੋਂ ਇਕ ਗਾਹਕ ਨੂੰ ਮਿਲਣ ਲਈ ਸਵਿਫਟ ਕਾਰ 'ਚ ਫਤਿਹਾਬਾਦ ਗਏ ਸਨ। ਸ਼ਾਮ 5 ਵਜੇ ਜਦੋਂ ਉਹ ਸਿਰਸਾ ਵੱਲ ਪਰਤ ਰਹੇ ਸਨ ਤਾਂ ਪਿੰਡ ਕੋਟਲੀ ਨੇੜੇ ਕਾਰ ਬੇਕਾਬੂ ਹੋ ਕੇ ਸੜਕ 'ਤੇ ਪਲਟ ਗਈ, ਕਈ ਵਾਰ ਪਲਟੀਆਂ ਖਾਂਦੀ ਹੋਈ ਦਰੱਖਤ ਨਾਲ ਜਾ ਟਕਰਾਈ।
ਰਾਹਗੀਰਾਂ ਨੇ ਕਾਰ ਦੀ ਖਿੜਕੀ ਅਤੇ ਸ਼ੀਸ਼ੇ ਤੋੜ ਕੇ ਤਿੰਨਾਂ ਨੂੰ ਜ਼ਖਮੀ ਹਾਲਤ 'ਚ ਬਾਹਰ ਕੱਢਿਆ ਅਤੇ ਜਾਂਚ ਲਈ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਬਲਰਾਜ ਵਿਆਹਿਆ ਹੋਇਆ ਸੀ। ਉਸ ਦੀਆਂ ਦੋ ਧੀਆਂ ਅਤੇ ਇਕ ਮੁੰਡਾ ਹੈ। ਸੋਨੂੰ ਵੀ ਵਿਆਹਿਆ ਹੋਇਆ ਸੀ ਅਤੇ ਉਸ ਦੀ ਇਕ ਧੀ ਹੈ।