ਹਰਿਆਣਾ ਦੇ ਵਿਧਾਇਕ ਦੇ ਕੰਪਲੈਕਸਾਂ 'ਤੇ ED ਦੀ ਛਾਪੇਮਾਰੀ, ਲਗਜਰੀ ਕਾਰਾਂ ਅਤੇ ਨਕਦੀ ਜ਼ਬਤ
Monday, Jul 31, 2023 - 01:20 PM (IST)
ਨਵੀਂ ਦਿੱਲੀ (ਭਾਸ਼ਾ)- ਘਰ ਖਰੀਦਣ ਵਾਲਿਆਂ ਨਾਲ ਧੋਖਾਧੜੀ ਨਾਲ ਜੁੜੇ ਮਨੀ ਲਾਂਡਰਿੰਗ ਦੇ ਇਕ ਮਾਮਲੇ 'ਚ ਕਾਂਗਰਸ ਆਗੂ ਅਤੇ ਹਰਿਆਣਾ ਦੇ ਵਿਧਾਇਕ ਧਰਮ ਸਿੰਘ ਛੋਕਰ ਅਤੇ ਉਨ੍ਹਾਂ ਦੇ ਕੰਟਰੋਲ ਵਾਲੀਆਂ ਕੰਪਨੀਆਂ ਨਾਲ ਜੁੜੇ ਕੰਪਲੈਕਸਾਂ 'ਚ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਚਾਰ ਲਗਜਰੀ ਕਾਰਾਂ, 14.5 ਲੱਖ ਰੁਪਏ ਦੇ ਗਹਿਣੇ ਅਤੇ 4.5 ਲੱਖ ਰੁਪਏ ਨਕਦ ਜ਼ਬਤ ਕੀਤੇ ਗਏ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਛੋਕਰ ਹਰਿਆਣਾ ਦੇ ਪਾਨੀਪਤ ਜ਼ਿਲ੍ਹੇ ਦੀ ਸਮਾਲਖਾ ਸੀਟ ਤੋਂ ਵਿਧਾਇਕ ਹੈ। ਈ.ਡੀ. ਨੇ ਇਕ ਬਿਆਨ 'ਚ ਦੱਸਿਆ ਕਿ ਇਸ ਤੋਂ ਪਹਿਲਾਂ 25 ਜੁਲਾਈ ਨੂੰ ਵੀ ਛੋਕਰ ਅਤੇ ਹੋਰ ਦੋਸ਼ੀਆਂ ਨਾਲ ਜੁੜੇ ਕੰਪਲੈਕਸਾਂ 'ਤੇ ਛਾਪੇ ਮਾਰੇ ਗਏ ਸਨ।
ਬਿਆਨ ਅਨੁਸਾਰ, ਹਾਲੀਆ ਕਾਰਵਾਈ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ ਦੀਆਂ ਅਪਰਾਧਕ ਧਾਰਾਵਾਂ ਦੇ ਅਧੀਨ ਕੀਤੀ ਗਈ। ਸਮਾਲਖਾ, ਗੁਰੂਗ੍ਰਾਮ ਅਤੇ ਦਿੱਲੀ 'ਚ ਛੋਕਰ ਅਤੇ ਉਨ੍ਹਾਂ ਦੇ ਪਰਿਵਾਰ ਦੇ ਕੰਟਰੋਲ ਵਾਲੀਆਂ 'ਸਾਈਂ ਆਈਨਾ ਫਾਰਮਸ ਪ੍ਰਾਈਵੇਟ ਲਿਮਟਿਡ (ਮੌਜੂਦਾ ਸਮੇਂ ਮਾਹਿਰਾ ਇੰਫ੍ਰਾਟੇਕ ਪ੍ਰਾਈਵੇਡ ਲਿਮਟਿਡ) ਅਤੇ ਮਾਹਿਰਾ ਸਮੂਹ ਦੀਆਂ ਹੋਰ ਕੰਪਨੀਆਂ ਨਾਲ ਜੁੜੇ 10 ਕੰਪਲੈਕਸਾਂ 'ਤੇ ਛਾਪੇ ਮਾਰੇ ਗਏ। ਈ.ਡੀ. ਨੇ ਦੱਸਿਆ ਕਿ ਦੋਸ਼ੀਆਂ ਨੇ ਦਿੱਲੀ ਕੋਲ ਗੁਰੂਗ੍ਰਾਮ ਦੇ ਸੈਕਟਰ-68 'ਚ ਮਕਾਨ ਉਪਲੱਬਧ ਕਰਵਾਉਣ ਦਾ ਵਾਅਦਾ ਕਰਦੇ ਹੋਏ ਕਿਫ਼ਾਇਤੀ ਰਿਹਾਇਸ਼ ਯੋਜਨਾ ਦੇ ਅਧੀਨ 1,497 ਘਰ ਖਰੀਦਾਰਾਂ ਤੋਂ ਲਗਭਗ 360 ਕਰੋੜ ਰੁਪਏ ਇਕੱਠੇ ਕੀਤੇ ਸਨ। ਇਸ ਮਾਮਲੇ 'ਚ ਮੁਲਜ਼ਮਾਂ ਅਤੇ ਸਾਈਂ ਆਈਨਾ ਫਾਰਮਸ ਪ੍ਰਾਈਵੇਟ ਲਿਮਟਿਡ ਖ਼ਿਲਾਫ਼ ਗੁਰੂਗ੍ਰਾਮ ਪੁਲਸ ਨੇ ਐੱਫ.ਆਈ.ਆਰ. ਦਰਜ ਕੀਤੀ ਸੀ। ਇਨਫੋਰਸਮੈਂਟ ਡਾਇਰੈਕਟੋਰੇਟ ਦਾ ਮਾਮਲਾ ਇਸੇ ਐੱਫ.ਆਈ.ਆਰ. 'ਤੇ ਆਧਾਰਤ ਹੈ। ਏਜੰਸੀ ਨੇ ਇਹ ਵੀ ਦੋਸ਼ ਲਗਾਇਆ ਕਿ ਛੋਕਰ ਅਤੇ ਉਸ ਦੇ ਪੁੱਤ ਸਿਕੰਦਰ ਸਿੰਘ ਅਤੇ ਵਿਕਾਸ ਛੋਕਰ ਅਤੇ ਹੋਰ ਮੁੱਖ ਕਰਮਚਾਰੀ ਛਾਪੇਮਾਰੀ ਦੌਰਾਨ ਮੌਜੂਦ ਨਹੀਂ ਸਨ ਅਤੇ ਉਨ੍ਹਾਂ ਨੇ ਅਜੇ ਤੱਕ ਜਾਂਚ 'ਚ ਕੋਈ ਸਹਿਯੋਗ ਨਹੀਂ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8