ਸਾਬਕਾ ਮੰਤਰੀ ਦੇ ਸਮਰਥਕਾਂ ਨੇ ਭਾਜਪਾ ਉਮੀਦਵਾਰ ਦੀ ਕਾਰ ''ਤੇ ਕੀਤਾ ਹਮਲਾ

10/04/2019 6:21:42 PM

ਮੁੰਬਈ—ਮਹਾਰਾਸ਼ਟਰ ਦੇ ਸਾਬਕਾ ਮੰਤਰੀ ਪ੍ਰਕਾਸ਼ ਮਹਿਤਾ ਨੂੰ ਘਾਟਕੋਪਰ ਤੋਂ ਭਾਜਪਾ ਦੀ ਟਿਕਟ ਨਾ ਮਿਲਣ 'ਤੇ ਨਾਰਾਜ਼ ਉਨ੍ਹਾਂ ਦੇ ਸਮਰਥਕਾਂ ਨੇ ਚੋਣ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਪਰਾਗ ਸ਼ਾਹ ਦੀ ਕਾਰ 'ਤੇ ਹਮਲਾ ਕਰ ਕੇ ਭੰਨ-ਤੋੜ ਕੀਤੀ। ਇਕ  ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ 11 ਵਜੇ ਵਾਪਰੀ, ਜਦੋਂ ਪਰਾਗ ਸ਼ਾਹ 21 ਅਕਤੂਬਰ ਨੂੰ ਹੋਣ ਵਾਲੀ ਵਿਧਾਨ ਸਭਾ ਚੋਣ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਭਾਜਪਾ ਵਰਕਰਾਂ ਦੇ ਇਕੱਠ ਦੇ ਨਾਲ ਪਰਾਗ ਸ਼ਾਹ ਉਸ ਕੰਪਲੈਕਸ 'ਚ ਜਾ ਰਹੇ ਸਨ, ਜਿਥੇ ਨਾਮਜ਼ਦਗੀ ਪੱਤਰ ਦਾਖਲ ਹੋਣਾ ਸੀ ਤਾਂ ਉਸ ਵੇਲੇ ਖੁਦ ਨੂੰ ਮਹਿਤਾ ਦੇ ਸਮਰਥਕ ਦੱਸਣ ਵਾਲੇ ਲੋਕ ਵੀ ਉਥੇ ਪਹੁੰਚੇ ਅਤੇ ਉਨ੍ਹਾਂ ਨੇ ਪਰਾਗ ਸ਼ਾਹ ਦੀ ਕਾਰ ਨੂੰ ਰੋਕ ਦਿੱਤਾ। 

PunjabKesari

ਦੱਸਣਯੋਗ ਹੈ ਕਿ ਮਹਿਤਾ ਨੇ 2014 'ਚ ਘਾਟਕੋਪਰ (ਪੂਰਬੀ) ਤੋਂ ਚੋਣ ਜਿੱਤੀ ਸੀ ਪਰ ਸੱਤਾਧਾਰੀ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ। ਮਹਿਤਾ ਦੇ ਸਮਰਥਕ ਇਸ ਗੱਲ ਤੋਂ ਨਾਰਾਜ਼ ਸਨ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਕਾਰ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਵਾਹਨ ਦੇ ਹੋਰ ਹਿੱਸੇ ਨੂੰ ਵੀ ਨੁਕਸਾਨ ਪਹੁੰਚਾਇਆ। ਹਾਲਾਂਕਿ ਇਸ ਦੌਰਾਨ ਪਰਾਗ ਸ਼ਾਹ ਨੂੰ ਸੱਟ ਨਹੀਂ ਲੱਗੀ। ਉਹ ਭੀੜ ਖਿੰਡਣ ਤਕ ਕਾਰ 'ਚ ਹੀ ਬੈਠੇ ਰਹੇ। ਮਹਿਤਾ ਦੇ ਸਮਰਥਕਾਂ ਨੇ ਸ਼ਾਹ ਦੇ ਖਿਲਾਫ ਨਾਅਰੇ ਲਾਏ ਤੇ ਉਨ੍ਹਾਂ ਦੇ ਨੇਤਾ ਨੂੰ ਟਿਕਟ ਨਾ ਮਿਲਣ ਲਈ ਜ਼ਿੰਮੇਵਾਰ ਠਹਿਰਾਇਆ। ਕਿਸੇ ਤਰੀਕੇ ਪੁਲਸ ਨੇ ਦਖਲ ਦੇ ਕੇ ਭੀੜ ਨੂੰ ਤਿੱਤਰ ਬਿੱਤਰ ਕੀਤਾ।


Iqbalkaur

Content Editor

Related News