ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਕਾਰ ਦੀ ਜ਼ੋਰਦਾਰ ਟੱਕਰ, ਮੌਕੇ ''ਤੇ 4 ਨੌਜਵਾਨਾਂ ਦੀ ਮੌਤ
Sunday, Feb 23, 2025 - 11:17 AM (IST)

ਪੰਚਕੂਲਾ- ਪਿੰਜੌਰ ਟਿਪਰਾ ਬਾਈਪਾਸ 'ਤੇ ਐਤਵਾਰ ਤੜਕਸਾਰ ਕਰੀਬ 5 ਵਜੇ ਇਕ ਭਿਆਨਕ ਹਾਦਸਾ ਵਾਪਰ ਗਿਆ, ਜਿਸ ਵਿਚ 4 ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ। ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਤੇਜ਼ ਰਫ਼ਤਾਰ ਕਾਰ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਅਤੇ ਦੋ ਲਾਸ਼ ਕਾਰ ਦੇ ਅੰਦਰ ਬੁਰੀ ਤਰ੍ਹਾਂ ਫਸ ਗਈਆਂ।
ਹਾਦਸੇ 'ਚ ਜਾਨ ਗੁਆਉਣ ਵਾਲੇ ਨੌਜਵਾਨਾਂ ਦੀ ਪਛਾਣ ਅਧਿਆਨ ਬਾਂਸਲ, ਅਦੀਪ, ਚਿਰਾਗ ਮਲਿਕ ਅਤੇ ਵੈਭਵ ਯਾਦਵ ਵਜੋਂ ਹੋਈ ਹੈ। ਸਾਰੇ ਨੌਜਵਾਨ ਹਿਮਾਚਲ ਤੋਂ ਕਾਰ ਰਾਹੀਂ ਆ ਰਹੇ ਸਨ ਅਤੇ ਆਪਣੀ ਮੰਜ਼ਿਲ ਵੱਲ ਜਾ ਰਹੇ ਸਨ ਕਿ ਅਚਾਨਕ ਇਹ ਹਾਦਸਾ ਵਾਪਰ ਗਿਆ। ਪੁਲਸ ਨੇ ਚਾਰੋਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸੈਕਟਰ-6 ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਭੇਜ ਦਿੱਤਾ ਹੈ।
ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ਵਿਚ ਤੇਜ਼ ਰਫ਼ਤਾਰ ਨੂੰ ਹਾਦਸੇ ਦੀ ਮੁੱਖ ਵਜ੍ਹਾ ਮੰਨਿਆ ਜਾ ਰਿਹਾ ਹੈ। ਪੁਲਸ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕਰ ਰਹੀ ਹੈ, ਤਾਂ ਕਿ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲਾਇਆ ਜਾ ਸਕੇ। ਹਾਦਸੇ ਦੀ ਖ਼ਬਰ ਮਿਲਦੇ ਹੀ ਮ੍ਰਿਤਕਾਂ ਦੇ ਪਰਿਵਾਰਾਂ ਵਿਚ ਚੀਕ-ਚਿਹਾੜਾ ਮਚ ਗਿਆ।