ਕੀ ਸ਼ਸ਼ੀ ਥਰੂਰ ਲੜ ਸਕਦੇ ਹਨ ਕਾਂਗਰਸ ਪ੍ਰਧਾਨ ਦੀ ਚੋਣ!
Wednesday, Aug 31, 2022 - 11:52 AM (IST)
ਨੈਸ਼ਨਲ ਡੈਸਕ– ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਚੋਣ ਸ਼ੰਖਨਾਦ ਤੋਂ ਬਾਅਦ ਸੰਗਠਨ ’ਚ ਹਲ-ਚਲ ਕਾਫੀ ਤੇਜ਼ ਹੋ ਚੁੱਕੀ ਹੈ। ਸਿਆਸੀ ਗਲਿਆਰਿਆਂ ’ਚ ਇਸ ਗੱਲ ਦੀ ਵੀ ਚਰਚਾ ਹੈ ਕਿ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਪ੍ਰਧਾਨ ਅਹੁਦੇ ਦੀ ਚੋਣ ਲੜਨ ਦੀਆਂ ਸੰਭਾਵਨਾਵਾਂ ਲੱਭਣ ’ਚ ਲੱਗੇ ਹੋਏ ਹਨ। ਇਕ ਮਲਿਆਲਮ ਭਾਸ਼ਾਈ ਮੀਡੀਆ ਕੋਲ ਉਨ੍ਹਾਂ ਇਸ ਗੱਲ ਦਾ ਵਰਣਨ ਵੀ ਕੀਤਾ ਹੈ ਕਿ ਕਾਂਗਰਸ ਦੇ ਪ੍ਰਧਾਨ ਅਹੁਦੇ ’ਤੇ ਕਈ ਉਮੀਦਵਾਰ ਹੋਣ ਕਾਰਨ ਪਾਰਟੀ ਨੂੰ ਮਜ਼ਬੂਤੀ ਵੀ ਮਿਲ ਸਕਦੀ ਹੈ। ਉਨ੍ਹਾਂ ਆਸ ਪ੍ਰਗਟਾਈ ਹੈ ਕਿ ਪ੍ਰਧਾਨ ਅਹੁਦੇ ਦੀ ਚੋਣ ’ਚ ਕਈ ਉਮੀਦਵਾਰ ਚੋਣ ਲੜਣਗੇ।
ਜ਼ਿਆਦਾ ਉਮੀਦਵਾਰਾਂ ਦੀ ਸੰਭਾਵਨਾ ਦੀ ਭਾਲ
ਸ਼ਸ਼ੀ ਥਰੂਰ ਨੇ ਆਪਣੀ ਲਿਖਤ ’ਚ ਬ੍ਰਿਟੇਨ ’ਚ ਕੰਜ਼ਰਵੇਟਿਵ ਪਾਰਟੀ ’ਚ ਲੀਡਰਸ਼ਿਪ ਲਈ ਚੱਲ ਰਹੀ ਹੋੜ ਦਾ ਹਵਾਲਾ ਦਿੰਦੇ ਹੋਏ ਲਿਖਿਆ ਹੈ ਕਿ ਇਸ ਤਰ੍ਹਾਂ ਦੇ ਹਾਲਾਤ ਨਾਲ ਕਾਂਗਰਸ ’ਚ ਕੌਮੀ ਹਿੱਤ ਵਧੇਗਾ ਅਤੇ ਮੁੜ ਕਾਂਗਰਸ ਵੱਲ ਵੋਟਰਾਂ ਦਾ ਰੁਝਾਨ ਵਧੇਗਾ। ਉਨ੍ਹਾਂ ਅੱਗੇ ਲਿਖਿਆ ਕਿ ਇਸ ਕਾਰਨ ਮੈਨੂੰ ਆਸ ਹੈ ਕਿ ਕਈ ਉਮੀਦਵਾਰ ਵਿਚਾਰ ਲਈ ਖੁਦ ਨੂੰ ਅੱਗੇ ਲੈ ਕੇ ਆਉਣਗੇ। ਪਾਰਟੀ ਅਤੇ ਦੇਸ਼ ਲਈ ਆਪਣੀ ਕਲਪਨਾ ਸਾਹਮਣੇ ਰੱਖਣ ਨਾਲ ਯਕੀਨੀ ਤੌਰ ’ਤੇ ਜਨਹਿੱਤ ਨੂੰ ਉਤਸ਼ਾਹ ਮਿਲੇਗਾ।
ਸੂਤਰਾਂ ਮੁਤਾਬਕ ਥਰੂਰ ਇਹ ਪਤਾ ਲਾਉਣ ਲਈ ਪਾਰਟੀ ਦੇ ਨੇਤਾਵਾਂ ਦੇ ਸੰਪਰਕ ’ਚ ਹਨ ਕਿ ਕੀ ਉਨ੍ਹਾਂ ਨੂੰ ਇਸ ਚੋਣ ਲਈ ਸਮਰਥਨ ਮਿਲ ਸਕਦਾ ਹੈ ਜਾਂ ਨਹੀਂ। ਇਕ ਮੀਡੀਆ ਹਾਊਸ ਨੇ ਇਸ ਮਸਲੇ ’ਤੇ ਥਰੂਰ ਨਾਲ ਸੰਪਰਕ ਕਰ ਕੇ ਜਦੋਂ ਉਨ੍ਹਾਂ ਦੀ ਰਾਏ ਜਾਣਨੀ ਚਾਹੀ ਤਾਂ ਉਨ੍ਹਾਂ ਇਸ ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਗਾਂਧੀ ਪਰਿਵਾਰ ਚੋਣ ਲੜਨ ਦਾ ਇੱਛੁਕ ਨਹੀਂ
ਜਾਣਕਾਰਾਂ ਦਾ ਮੰਨਣਾ ਹੈ ਕਿ ਕਾਂਗਰਸ ਦੇ ਪ੍ਰਧਾਨ ਅਹੁਦੇ ਲਈ ਜੇ ਇਕ ਤੋਂ ਵੱਧ ਉਮੀਦਵਾਰ ਮੈਦਾਨ ’ਚ ਉਤਰਦੇ ਹਨ ਤਾਂ ਪਿਛਲੇ 22 ਸਾਲਾਂ ’ਚ ਅਜਿਹਾ ਪਹਿਲੀ ਵਾਰ ਹੋਵੇਗਾ। ਇਸ ਤੋਂ ਪਹਿਲਾਂ ਨਵੰਬਰ 2000 ’ਚ ਜਤਿੰਦਰ ਪ੍ਰਸਾਦ ਨੇ ਸੋਨੀਆ ਗਾਂਧੀ ਖਿਲਾਫ ਚੋਣ ਲੜੀ ਸੀ। ਹਾਲਾਂਕਿ ਉਸ ਇਕਪਾਸੜ ਚੋਣ ’ਚ ਸੋਨੀਆ ਗਾਂਧੀ ਨੂੰ ਮਿਲੀਆਂ 7,542 ਵੋਟਾਂ ਦੇ ਮੁਕਾਬਲੇ ਜਤਿੰਦਰ ਪ੍ਰਸਾਦ ਨੂੰ ਸਿਰਫ 94 ਵੋਟਾਂ ਮਿਲੀਆਂ ਸਨ। ਇਕ ਮੀਡੀਆ ਰਿਪੋਰਟ ’ਚ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਜੇ ਪ੍ਰਧਾਨ ਦੇ ਅਹੁਦੇ ਲਈ ਬਹੁਕੋਣੀ ਮੁਕਾਬਲਾ ਹੁੰਦਾ ਹੈ ਤਾਂ ਗਾਂਧੀ ਪਰਿਵਾਰ ਦੇ ਸਮਰਥਨ ਵਾਲੇ ਉਮੀਦਵਾਰ ਦੇ ਖਿਲਾਫ ਅਜਿਹੇ ਉਮੀਦਵਾਰਾਂ ਦੇ ਜਿੱਤਣ ਦੀ ਸੰਭਾਵਨਾ ਘੱਟ ਹੀ ਹੈ। ਰਿਪੋਰਟ ਮੁਤਾਬਕ ਗਾਂਧੀ ਪਰਿਵਾਰ ਦਾ ਕੋਈ ਮੈਂਬਰ ਇਸ ਚੋਣ ’ਚ ਉਤਰਨ ਦਾ ਇੱਛੁਕ ਨਹੀਂ ਅਤੇ ਉਨ੍ਹਾਂ ਦੇ ਸਮਰਥਨ ਨਾਲ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਇਹ ਚੋਣ ਲੜ ਸਕਦੇ ਹਨ।
ਸ਼ਸ਼ੀ ਥਰੂਰ ਵੀ ਕਰ ਰਹੇ ਹਨ ਵਿਚਾਰ-ਵਟਾਂਦਰਾ
ਇਕ ਹੋਰ ਰਿਪੋਰਟ ਮੁਤਾਬਕ ਸ਼ਸ਼ੀ ਥਰੂਰ ਨੇ ਇਸ ਸਿਲਸਿਲੇ ’ਚ ਆਪਣੇ ਕਈ ਸਾਥੀਆਂ ਤੇ ਸ਼ੁੱਭਚਿੰਤਕਾਂ ਨਾਲ ਵਿਚਾਰ-ਵਟਾਂਦਰਾ ਕੀਤਾ ਹੈ। ਹਾਲਾਂਕਿ ਅਜੇ ਤਕ ਇਸ ਬਾਰੇ ਉਨ੍ਹਾਂ ਕੋਈ ਅੰਤਿਮ ਫੈਸਲਾ ਨਹੀਂ ਲਿਆ। ਆਪਣੀ ਲਿਖਤ ’ਚ ਸ਼ਸ਼ੀ ਥਰੂਰ ਨੇ ਕਿਹਾ ਹੈ ਕਿ ਆਦਰਸ਼ ਤੌਰ ’ਤੇ ਪਾਰਟੀ ਨੂੰ ਚੋਣ ਰਾਹੀਂ ਭਰੀਆਂ ਜਾਣ ਵਾਲੀਆਂ ਕਾਂਗਰਸ ਵਰਕਿੰਗ ਕਮੇਟੀ ਦੀਆਂ ਦਰਜਨ ਸੀਟਾਂ ਲਈ ਵੀ ਚੋਣਾਂ ਦਾ ਐਲਾਨ ਕਰਨਾ ਚਾਹੀਦਾ ਸੀ। ਉਨ੍ਹਾਂ ਇਹ ਵੀ ਲਿਖਿਆ ਹੈ ਕਿ ਪਾਰਟੀ ਦੀ ਚੋਟੀ ਦੀ ਲੀਡਰਸ਼ਿਪ ਦੇ ਖਾਲੀਪਨ ਨਾਲ ਕਾਂਗਰਸ ਨੂੰ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੈ। ਥਰੂਰ ਮੁਤਾਬਕ ਇਸ ਸਮੱਸਿਆ ਨੂੰ ਹੱਲ ਕਰਨ ਅਤੇ ਇਕ ਵਿਵਸਥਿਤ ਪ੍ਰਕਿਰਿਆ ਸਥਾਪਤ ਕਰਨ ਨਾਲ ਪਾਰਟੀ ਨੂੰ ਕਾਫੀ ਫਾਇਦਾ ਹੋਵੇਗਾ।