ਕੈਂਬ੍ਰਿਜ ਯੂਨੀਵਰਸਿਟੀ ਨੇ ਭਾਰਤ ''ਚ ਵਧਾਈ ਆਪਣੀ ਪਹੁੰਚ ! ਨਵੇਂ ਖੋਜ ਕੇਂਦਰ ਦੀ ਕੀਤੀ ਸ਼ੁਰੂਆਤ
Thursday, Jan 29, 2026 - 09:30 AM (IST)
ਲੰਡਨ/ਨਵੀਂ ਦਿੱਲੀ- ਬ੍ਰਿਟੇਨ ਦੀ ਕੈਂਬ੍ਰਿਜ ਯੂਨੀਵਰਸਿਟੀ ਨੇ ਭਾਰਤ ਵਿਚ ਆਪਣੀ ਪਹੁੰਚ ਵਧਾਉਂਦੇ ਹੋਏ ‘ਕੈਂਬ੍ਰਿਜ-ਇੰਡੀਆ ਸੈਂਟਰ ਫਾਰ ਐਡਵਾਂਸਡ ਸਟੱਡੀਜ਼’ (ਸੀ.ਏ.ਐੱਸ.) ਦੀ ਸਥਾਪਨਾ ਕੀਤੀ ਹੈ। ਇਹ ਕੇਂਦਰ ਨਵੀਨਤਾ, ਖੋਜ ਤੇ ਅਧਿਆਪਨ ’ਤੇ ਕੇਂਦ੍ਰਿਤ ਹੋਵੇਗਾ ਅਤੇ ਭਾਰਤ ਤੇ ਕੈਂਬ੍ਰਿਜ ਯੂਨੀਵਰਸਿਟੀ ਦੇ ਵਿਚਕਾਰ ਬੌਧਿਕ ਆਦਾਨ-ਪ੍ਰਦਾਨ, ਨੀਤੀ ਨਿਰਮਾਣ ਤੇ ਸਮਾਜਿਕ ਪ੍ਰਭਾਵ ਨੂੰ ਉਤਸ਼ਾਹਿਤ ਕਰੇਗਾ।
ਚਾਂਸਲਰ ਡੇਬੋਰਾ ਪ੍ਰੈਂਟਿਸ ਨੇ ਕਿਹਾ ਕਿ ਇਹ ਪਹਿਲ ਭਾਰਤ ਦੇ ਉੱਤਮ ਖੋਜੀਆਂ ਤੇ ਨਵੀਨਤਾਕਾਰਾਂ ਦੇ ਨਾਲ ਸਹਿਯੋਗ ਸਥਾਪਤ ਕਰਨ ਅਤੇ ਤੇਜ਼ੀ ਨਾਲ ਵਧ ਰਹੀ ਗਿਆਨ ਅਰਥਵਿਵਸਥਾ ਨਾਲ ਸਬੰਧ ਮਜ਼ਬੂਤ ਕਰਨ ਦਾ ਮੌਕਾ ਹੈ। ਇਸ ਦੇ ਨਾਲ ਹੀ ਯੂਨੀਵਰਸਿਟੀ ਨੇ ਕੁਝ ਗ੍ਰੈਜੂਏਟ ਕੋਰਸਾਂ ਲਈ ਸੀ.ਬੀ.ਐੱਸ.ਈ. 12ਵੀਂ ਦੀ ਯੋਗਤਾ ਨੂੰ ਵਾਧੂ ਸ਼ਰਤਾਂ ਦੇ ਨਾਲ ਮਾਨਤਾ ਦੇਣ ਦਾ ਐਲਾਨ ਕੀਤਾ ਹੈ।
ਕੈਂਬ੍ਰਿਜ ਇੰਡੀਆ ਰਿਸਰਚ ਫਾਊਂਡੇਸ਼ਨ ਦੀ ਸਥਾਪਨਾ ਵੀ ਕੀਤੀ ਗਈ ਹੈ, ਜੋ ਸਕਾਲਰਸ਼ਿਪ, ਫੀਸਾਂ ਅਤੇ ਖੋਜ ਸਹਿਯੋਗ ਲਈ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ। ਬ੍ਰਿਟਿਸ਼ ਹਾਈ ਕਮਿਸ਼ਨਰ ਲਿੰਡੀ ਕੈਮਰਨ ਨੇ ਕਿਹਾ ਕਿ ਇਹ ਪਹਿਲ ‘ਯੂ. ਕੇ.-ਇੰਡੀਆ ਵਿਜ਼ਨ 2035’ ਦੇ ਕੇਂਦਰ ਵਿਚ ਹੈ ਅਤੇ ਦੋਵਾਂ ਦੇਸ਼ਾਂ ਨੂੰ ਸਿੱਖਿਆ ਤੇ ਖੋਜ ਦੇ ਖੇਤਰ ਵਿਚ ਇਕ-ਦੂਜੇ ਦੇ ਹੋਰ ਨੇੜੇ ਲਿਆ ਰਹੀ ਹੈ।
