ਪਟਨਾ ਹਾਈ ਕੋਰਟ ਨੇ ਕਿਹਾ, ਪਤੀ-ਪਤਨੀ ਵਲੋਂ ਇਕ ਦੂਜੇ ਨੂੰ ‘ਭੂਤ’ ਜਾਂ ‘ਪਰੇਤ’ ਕਹਿਣਾ ਬੇਰਹਿਮੀ ਨਹੀਂ
Saturday, Mar 30, 2024 - 06:57 PM (IST)
ਪਟਨਾ, ( ਭਾਸ਼ਾ)- ਪਟਨਾ ਹਾਈ ਕੋਰਟ ਨੇ ਕਿਹਾ ਹੈ ਕਿ ਜੇ ਅਸੰਤੁਸ਼ਟੀ ਕਾਰਨ ਇਕ ਦੂਜੇ ਤੋਂ ਵੱਖ ਰਹਿ ਰਹੇ ਪਤੀ-ਪਤਨੀ ‘ਮਾੜੀ’ ਭਾਸ਼ਾ ਦੀ ਵਰਤੋਂ ਕਰਦੇ ਹਨ ਤੇ ਇਕ ਦੂਜੇ ਨੂੰ ‘ਭੂਤ’ ਜਾਂ ਪਰੇਤ’ ਵਰਗੇ ਨਾਵਾਂ ਨਾਲ ਬੁਲਾਉਂਦੇ ਹਨ ਤਾਂ ਇਹ ਬੇਰਹਿਮੀ ਦੇ ਘੇਰੇ ’ਚ ਨਹੀਂ ਆਉਂਦਾ।
ਇਹ ਟਿੱਪਣੀ ਜਸਟਿਸ ਬਿਬੇਕ ਚੌਧਰੀ ਦੇ ਬੈਂਚ ਵੱਲੋਂ ਆਈ ਹੈ, ਜੋ ਬੋਕਾਰੋ ਦੇ ਵਸਨੀਕ ਸਹਿਦੇਵ ਗੁਪਤਾ ਤੇ ਉਨ੍ਹਾਂ ਦੇ ਪੁੱਤਰ ਨਰੇਸ਼ ਕੁਮਾਰ ਗੁਪਤਾ ਵੱਲੋਂ ਦਾਇਰ ਪਟੀਸ਼ਨ ਦੀ ਸੁਣਵਾਈ ਕਰ ਰਹੀ ਸੀ। ਨਰੇਸ਼ ਗੁਪਤਾ ਦੀ ਤਲਾਕਸ਼ੁਦਾ ਪਤਨੀ ਵੱਲੋਂ ਆਪਣੇ ਜੱਦੀ ਸ਼ਹਿਰ ਨਵਾਦਾ ’ਚ ਦਾਇਰ ਸ਼ਿਕਾਇਤ ’ਤੇ ਬਿਹਾਰ ਦੇ ਨਾਲੰਦਾ ਜ਼ਿਲੇ ਦੀ ਅਦਾਲਤ ਵੱਲੋਂ ਦਿੱਤੇ ਹੁਕਮ ਨੂੰ ਪਿਤਾ-ਪੁੱਤ ਨੇ ਚੁਣੌਤੀ ਦਿੱਤੀ ਸੀ।
ਸ਼ਿਕਾਇਤਕਰਤਾ ਨੇ 1994 ’ਚ ਆਪਣੇ ਪਤੀ ਅਤੇ ਸਹੁਰੇ ਖ਼ਿਲਾਫ਼ ਦਾਜ ’ਚ ਕਾਰ ਦੀ ਮੰਗ ਕਰਨ ਲਈ ਦਬਾਅ ਪਾਉਣ ਲਈ ਸਰੀਰਕ ਅਤੇ ਭੌਤਿਕ ਤਸ਼ੱਦਦ ਕਰਨ ਦਾ ਦੋਸ਼ ਲਾਉਂਦਿਆਂ ਕੇਸ ਦਰਜ ਕਰਵਾਇਆ ਸੀ। ਤਲਾਕਸ਼ੁਦਾ ਔਰਤ ਦੇ ਵਕੀਲ ਨੇ ਦਲੀਲ ਦਿੱਤੀ ਸੀ ਕਿ 21ਵੀਂ ਸਦੀ ’ਚ ਔਰਤ ਨੂੰ ਉਸ ਦੇ ਸਹੁਰਿਆਂ ਵੱਲੋਂ ‘ਭੂਤ’ ਜਾਂ ‘ਪਰੇਤ’ ਕਿਹਾ ਜਾਣਾ ਬੇਹੱਦ ਜ਼ੁਲਮ ਦਾ ਇਕ ਰੂਪ ਹੈ।