ਮੋਦੀ ਦੀ ਪ੍ਰਧਾਨਗੀ ’ਚ ਕੈਬਨਿਟ ਦੇ ਵੱਡੇ ਫੈਸਲੇ, ਰੇਲਵੇ ਦੇ 11,169 ਕਰੋੜ ਰੁਪਏ ਦੇ 4 ਪ੍ਰਾਜੈਕਟ ਮਨਜ਼ੂਰ
Friday, Aug 01, 2025 - 12:27 PM (IST)

ਨੈਸ਼ਨਲ ਡੈਸਕ : ਕੇਂਦਰੀ ਕੈਬਨਿਟ ਨੇ ਵੀਰਵਾਰ ਨੂੰ ਫੂਡ ਪ੍ਰੋਸੈਸਿੰਗ ਖੇਤਰ ਨੂੰ ਉਤਸ਼ਾਹ ਦੇਣ ਲਈ ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ (ਪੀ. ਐੱਮ. ਕੇ. ਐੱਸ. ਵਾਈ.) ਲਈ ਬਜਟ ’ਚ ਅਲਾਟ ਖਰਚਾ 1,920 ਕਰੋਡ਼ ਰੁਪਏ ਵਧਾ ਕੇ 6,520 ਕਰੋਡ਼ ਰੁਪਏ ਕਰਨ ਦੀ ਮਨਜ਼ੂਰੀ ਦੇ ਦਿੱਤੀ। ਚਾਲੂ ਮਾਲੀ ਸਾਲ (2025-26) ’ਚ ਦਿੱਤੀ ਜਾਣ ਵਾਲੀ ਵਧੀ ਹੋਈ ਰਾਸ਼ੀ ਦੀ ਵਰਤੋਂ 50 ਮਲਟੀ-ਪ੍ਰੋਡਕਟ ਫੂਡ ਇਰੇਡੀਏਸ਼ਨ ਯੂਨਿਟਾਂ ਅਤੇ 100 ਫੂਡ ਟੈਸਟਿੰਗ ਲੈਬਾਰਟਰੀਆਂ ਲਈ ਕੀਤੀ ਜਾਵੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ’ਚ ਹੋਈ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀ. ਸੀ. ਈ. ਏ.) ਦੀ ਬੈਠਕ ’ਚ ਇਸ ਸਬੰਧ ’ਚ ਫ਼ੈਸਲਾ ਲਿਆ ਗਿਆ। ਕੈਬਨਿਟ ਦੀ ਬੈਠਕ ਤੋਂ ਬਾਅਦ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰੋਸੈਸਡ ਖੁਰਾਕੀ ਉਤਪਾਦਾਂ ਦੀ ਬਰਾਮਦ 5 ਅਰਬ ਡਾਲਰ ਤੋਂ ਦੁੱਗਣੀ ਹੋ ਕੇ 11 ਅਰਬ ਡਾਲਰ ਹੋ ਗਈ ਹੈ।
ਇਹ ਵੀ ਪੜ੍ਹੋ...ਕਿਸਾਨਾਂ ਲਈ GOOD NEWS ! ਇਸ ਦਿਨ ਬੈਂਕ ਖਾਤਿਆਂ 'ਚ ਆਉਣਗੇ ਪੈਸੇ
ਇਸ ਦਰਮਿਆਨ ਕੇਂਦਰੀ ਕੈਬਨਿਟ ਨੇ ਰਾਸ਼ਟਰੀ ਸਹਿਕਾਰੀ ਵਿਕਾਸ ਨਿਗਮ (ਐੱਨ. ਸੀ. ਡੀ. ਸੀ.) ਨੂੰ 4 ਸਾਲਾਂ ਲਈ 2,000 ਕਰੋਡ਼ ਰੁਪਏ ਦੀ ਗ੍ਰਾਂਟ ਸਹਾਇਤਾ ਨੂੰ ਮਨਜ਼ੂਰੀ ਦੇ ਦਿੱਤੀ। ਇਸ ਕਦਮ ਨਾਲ ਸੰਗਠਨ ਨੂੰ ਕਰਜ਼ਾ ਦੇਣ ਲਈ ਹੋਰ ਜ਼ਿਆਦਾ ਫੰਡ ਜੁਟਾਉਣ ’ਚ ਮਦਦ ਮਿਲੇਗੀ। ਐੱਨ. ਸੀ. ਡੀ. ਸੀ. 8.25 ਲੱਖ ਤੋਂ ਜ਼ਿਆਦਾ ਸਹਿਕਾਰੀ ਕਮੇਟੀਆਂ ਨੂੰ ਕਰਜ਼ਾ ਦਿੰਦਾ ਹੈ, ਜਿਨ੍ਹਾਂ ਦੇ 29 ਕਰੋਡ਼ ਮੈਂਬਰ ਹਨ। ਕੁੱਲ ਮੈਂਬਰਾਂ ’ਚੋਂ 94 ਫ਼ੀਸਦੀ ਕਿਸਾਨ ਹਨ।
ਰੇਲਵੇ ਦੇ 11,169 ਕਰੋੜ ਰੁਪਏ ਦੇ 4 ਪ੍ਰਾਜੈਕਟ ਮਨਜ਼ੂਰ
ਸਰਕਾਰ ਨੇ ਪੂਰੇ ਦੇਸ਼ ’ਚ ਆਵਾਜਾਈ ਅਤੇ ਮਾਲ ਢੋਆ-ਢੁਆਈ ਦੇ ਬੁਨਿਆਦੀ ਢਾਂਚੇ ਦੇ ਵਿਸਥਾਰ ਨੂੰ ਰਫ਼ਤਾਰ ਦੇਣ ਲਈ ਵੀਰਵਾਰ ਨੂੰ 6 ਸੂਬਿਆਂ ’ਚ ਵੱਖ-ਵੱਖ ਰੇਲਵੇ ਸੈਕਸ਼ਨਾਂ ’ਤੇ ਵਾਧੂ ਲਾਈਨਾਂ ਦੇ ਨਿਰਮਾਣ ਲਈ 11,169 ਕਰੋੜ ਰੁਪਏ ਦੇ ਚਾਰ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ।ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ’ਚ ਕੈਬਨਿਟ ਦੀ ਆਰਥਿਕ ਮਾਮਲਿਆਂ ਬਾਰੇ ਕਮੇਟੀ ਨੇ ਮਹਾਰਾਸ਼ਟਰ ’ਚ ਇਟਾਰਸੀ-ਨਾਗਪੁਰ ਰਸਤੇ ’ਤੇ ਚੌਥੀ ਲਾਈਨ ਦੇ ਨਿਰਮਾਣ, ਸੰਭਾਜੀਨਗਰ (ਔਰੰਗਾਬਾਦ)-ਪਰਭਣੀ ਰੇਲ ਲਾਈਨ ਦੇ ਦੋਹਰੀਕਰਨ, ਬਿਹਾਰ ’ਚ ਅਲੁਆਬਾੜੀ ਰੋਡ ਤੋਂ ਨਿਊ ਜਲਪਾਈਗੁੜੀ ਵਿਚਾਲੇ ਤੀਜੀ ਅਤੇ ਚੌਥੀ ਲਾਈਨ ਦੇ ਨਿਰਮਾਣ ਅਤੇ ਝਾਰਖੰਡ ’ਚ ਡਾਂਗੋਆਪੋਸੀ ਤੋਂ ਓਡਿਸ਼ਾ ’ਚ ਜਾਰੋਲੀ ਵਿਚਾਲੇ ਤੀਜੀ ਅਤੇ ਚੌਥੀ ਲਾਈਨ ਦੇ ਨਿਰਮਾਣ ਲਈ ਰੇਲ ਮੰਤਰਾਲਾ ਦੇ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e