ਜਦੋਂ ਕੈਬ ਡਰਾਈਵਰ ਨੂੰ ਪੈਸੇ ਦੇਣੇ ਭੁੱਲੇ ਸਾਬਕਾ ਟਵਿੱਟਰ MD ਪਰਮਿੰਦਰ ਸਿੰਘ, ਟਵੀਟ 'ਚ ਦੱਸਿਆ ਰੌਚਕ ਕਿੱਸਾ
Tuesday, Dec 06, 2022 - 04:08 PM (IST)
ਨਵੀਂ ਦਿੱਲੀ (ਏਜੰਸੀ)- ਟਵਿੱਟਰ-ਏਸ਼ੀਆ ਦੇ ਸਾਬਕਾ ਮੈਨੇਜਿੰਗ ਡਾਇਰੈਕਟਰ (ਐੱਮ.ਡੀ.) ਪਰਮਿੰਦਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਇਕ ਬਹੁਤ ਹੀ ਦਿਲਚਸਪ ਕਿੱਸਾ ਸਾਂਝਾ ਕੀਤਾ ਹੈ, ਜਿਸ ਵਿੱਚ ਉਨ੍ਹਾਂ ਦੱਸਿਆ ਹੈ ਕਿ ਕਿਵੇਂ ਇਕ ਕੈਬ ਡਰਾਈਵਰ ਨੇ ਉਨ੍ਹਾਂ ਦਾ ਦਿਲ ਜਿੱਤ ਲਿਆ। ਦਰਅਸਲ ਪਰਮਿੰਦਰ ਸਿੰਘ ਪਿਛਲੇ ਹਫ਼ਤੇ ਭਾਰਤ ਆਏ ਸਨ। ਭਾਰਤ ਤੋਂ ਪਰਤਣ ਲਈ ਉਨ੍ਹਾਂ ਦੀ ਫਲਾਈਟ ਦਿੱਲੀ ਹਵਾਈਅੱਡੇ ਤੋਂ ਸੀ। ਉਨ੍ਹਾਂ ਨੇ ਇਕ ਕੈਬ ਬੁੱਕ ਕੀਤੀ ਅਤੇ ਹਵਾਈਅੱਡੇ 'ਤੇ ਪਹੁੰਚ ਗਏ। ਇਸ ਦੌਰਾਨ ਜਲਦਬਾਜ਼ੀ ਵਿਚ ਉਹ ਡਰਾਈਵਰ ਨੂੰ ਪੈਸੇ ਦੇਣਾ ਭੁੱਲ ਗਏ। ਜਦੋਂ ਉਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਨ੍ਹਾਂ ਨੇ ਤੁਰੰਤ ਕੈਬ ਡਰਾਈਵਰ ਨੂੰ ਫੋਨ ਕੀਤਾ ਅਤੇ ਪੈਸਿਆਂ ਦਾ ਭੁਗਤਾਨ ਕਰਨ ਦੀ ਗੱਲ ਕਹੀ। ਇਸ ਮਗਰੋਂ ਕੈਬ ਡਰਾਈਵਰ ਵੱਲੋਂ ਜੋ ਜਵਾਬ ਆਇਆ ਉਹ ਕਾਫ਼ੀ ਅਵਿਸ਼ਵਾਸ਼ਯੋਗ ਸੀ।
ਇਹ ਵੀ ਪੜ੍ਹੋ: ਮੁੜ ਆਈ ਕੈਨੇਡਾ ਤੋਂ ਦੁਖਭਰੀ ਖ਼ਬਰ, 21 ਸਾਲਾ ਸਿੱਖ ਕੁੜੀ ਦਾ ਗੋਲੀਆਂ ਮਾਰ ਕੇ ਕਤਲ
ਸਿੰਘ ਨੇ ਟਵੀਟ ਕਰਦੇ ਹੋਏ ਲਿਖਿਆ, "ਨਰਮ ਬੋਲਣ ਵਾਲੇ ਕੈਬ ਡਰਾਈਵਰ ਨੇ ਸਾਨੂੰ ਦਿੱਲੀ ਏਅਰਪੋਰਟ 'ਤੇ ਉਤਾਰਿਆ। ਅਸੀਂ ਬਿਨਾਂ ਭੁਗਤਾਨ ਕੀਤੇ ਹੀ ਚਲੇ ਗਏ। ਪੈਸਿਆਂ ਦਾ ਭੁਗਤਾਨ ਕਰਨ ਦਾ ਤਰੀਕਾ ਪੁੱਛਣ 'ਤੇ ਡਰਾਈਵਰ ਨੇ ਜਵਾਬ ਦਿੱਤਾ, 'ਕੋਈ ਗੱਲ ਨਹੀਂ, ਫਿਰ ਕਦੇ ਆ ਜਾਣਗੇ।' ਉਸ ਨੇ ਪੈਸੇ ਵੀ ਨਹੀਂ ਦੱਸੇ। ਉਹ ਜਾਣਦਾ ਸੀ ਕਿ ਅਸੀਂ ਭਾਰਤ ਵਿਚ ਨਹੀਂ ਰਹਿੰਦੇ, ਸਿੰਗਾਪੁਰ ਵਿਚ ਰਹਿੰਦੇ ਹਾਂ। ਮੈਂ ਕਿਸੇ ਤਰ੍ਹਾਂ ਜ਼ਿੱਦ ਕਰਕੇ ਉਸ ਨੂੰ ਪੈਸੇ ਦਿੱਤੇ ਪਰ ਇਹ ਜ਼ਰੂਰ ਸਿੱਖਿਆ ਕਿ ਸ਼ਿਸ਼ਟਾਚਾਰ ਇਸ ਦੁਨੀਆ ਵਿਚ ਮੌਜੂਦ ਹੈ।' ਇਸ ਤੋਂ ਬਾਅਦ ਉਨ੍ਹਾਂ ਲਿਖਿਆ ਕਿ ਉਹ ਡਰਾਈਵਰ ਦਾ ਨਾਮ ਅਤੇ ਨੰਬਰ ਜਨਤਕ ਤੌਰ 'ਤੇ ਸਾਂਝਾ ਨਹੀਂ ਕਰ ਸਕਦੇ ਹਨ, ਪਰ ਜੇਕਰ ਤੁਸੀਂ ਦਿੱਲੀ-ਐਨਸੀਆਰ ਵਿੱਚ ਚੰਗੇ ਡਰਾਈਵਰ ਦੀ ਭਾਲ ਕਰ ਰਹੇ ਹੋ, ਤਾਂ ਤੁਸੀਂ ਮੈਨੂੰ ਸਿੱਧਾ ਮੈਸੇਜ ਭੇਜ ਸਕਦੇ ਹੋ। ਸਿੰਘ ਦੀ ਪੋਸਟ 'ਤੇ ਕਈ ਉਪਭੋਗਤਾਵਾਂ ਨੇ ਆਪਣੇ ਵਿਚਾਰ ਅਤੇ ਅਨੁਭਵ ਪ੍ਰਗਟ ਕੀਤੇ। ਸਿੰਘ ਨਵੰਬਰ 2013 ਤੋਂ ਦਸੰਬਰ 2016 ਤੱਕ ਟਵਿੱਟਰ-ਏਸ਼ੀਆ ਦੇ ਐੱਮ.ਡੀ. ਸਨ।
ਇਹ ਵੀ ਪੜ੍ਹੋ: ਨਵਾਂ ਕਾਨੂੰਨ ਬਣਾਉਣ ਦੀ ਰੌਂਅ 'ਚ ਜਰਮਨੀ, ਭਾਰਤੀਆਂ ਨੂੰ ਹੋਵੇਗਾ ਫ਼ਾਇਦਾ, 5 ਸਾਲ 'ਚ ਮਿਲੇਗੀ ਨਾਗਰਿਕਤਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।