CAA-NRC ਨੂੰ ਲੈ ਕੇ ਡਰ ਪੈਦਾ ਕਰ ਰਹੇ ਹਨ ਕੁਝ ਸਿਆਸੀ ਦਲ : ਰਾਮਦੇਵ

01/27/2020 3:36:12 PM

ਗੋਰਖਪੁਰ (ਉੱਤਰ ਪ੍ਰਦੇਸ਼)— ਯੋਗ ਗੁਰੂ ਰਾਮਦੇਵ ਨੇ ਦੋਸ਼ ਲਗਾਇਆ ਕਿ ਕੁਝ ਸਿਆਸੀ ਦਲ ਗੈਰ-ਜ਼ਿੰਮੇਵਾਰ ਢੰਗ ਨਾਲ ਕੰਮ ਕਰ ਰਹੇ ਹਨ ਅਤੇ ਉਹ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਅਤੇ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨ.ਆਰ.ਸੀ.) ਨੂੰ ਲੈ ਕੇ ਡਰ ਪੈਦਾ ਕਰ ਰਹੇ ਹਨ। ਰਾਮਦੇਵ ਨੇ ਕਿਹਾ ਕਿ ਸੀ.ਏ.ਏ. ਅਤੇ ਐੱਨ.ਆਰ.ਸੀ. ਸਮੇਤ ਹੋਰ ਮੁੱਦਿਆਂ 'ਤੇ ਦੇਸ਼ 'ਚ ਮੌਜੂਦਾ ਸਮੇਂ 'ਚ ਜੋ ਹੋ ਰਿਹਾ ਹੈ, ਉਹ ਝੂਠ ਅਤੇ ਨਾਸਮਝਦੀ 'ਤੇ ਆਧਾਰਤ ਹੈ। ਲੋਕਾਂ ਦੇ ਮਨ 'ਚ ਡਰ ਪੈਦਾ ਕਰ ਕੇ ਉਨ੍ਹਾਂ ਨੂੰ ਭੜਕਾਇਆ ਜਾ ਰਿਹਾ ਹੈ। ਇਹ ਗੈਰ-ਜ਼ਿੰਮੇਵਾਰ ਕੰਮ ਹੈ, ਜੋ ਕੁਝ ਸਿਆਸੀ ਦਲ ਕਰ ਰਹੇ ਹਨ। 

ਰਾਮਦੇਵ ਨੇ ਕਿਹਾ ਕਿ ਇਹ ਦੇਸ਼ ਕਿਸੇ ਪਾਰਟੀ ਵਿਸ਼ੇਸ਼ ਜਾਂ ਨਰਿੰਦਰ ਮੋਦੀ, ਯੋਗੀ ਆਦਿੱਤਿਯਨਾਥ ਜਾਂ ਅਮਿਤ ਸ਼ਾਹ ਦਾ ਨਹੀਂ ਹੈ। ਇਹ ਦੇਸ਼ ਸਾਰੇ ਭਾਰਤੀਆਂ ਦਾ ਹੈ। ਜੋ ਲੋਕ ਫਿਰਕੂ ਸਦਭਾਵਨਾ ਜਾਂ ਹਿੰਦੂ-ਮੁਸਲਮਾਨ ਭਾਈਚਾਰਾ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਦੇਸ਼ ਦੇ ਵੰਡ ਦੀ ਗੱਲ ਕਰ ਰਹੇ ਹਨ। ਹਿੰਸਾ ਫੈਲਾਉਣ ਵਾਲੇ ਲੋਕ ਦੇਸ਼ ਦੇ ਵਿਰੁੱਧ ਕੰਮ ਕਰ ਰਹੇ ਹਨ। ਗਾਇਕ ਕੈਲਾਸ਼ ਖੇਰ ਨਾਲ ਦੇਵਰੀਆ ਉਤਸਵ 'ਚ ਪੁੱਜੇ ਰਾਮਦੇਵ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਪ੍ਰਦਰਸ਼ਨਾਂ 'ਚ ਸਾਰੇ ਮੁਸਲਮਾਨ ਸ਼ਾਮਲ ਨਹੀਂ ਹਨ। ਕਰੋੜਾਂ ਮੁਸਲਮਾਨ ਦੇਸ਼ਭਗਤ ਹਨ ਅਤੇ ਉਹ ਵੀ ਨਾਖੁਸ਼ ਹਨ, ਕਿਉਂਕਿ ਇਸ ਨਾਲ ਉਨ੍ਹਾਂ ਦੀ ਬਦਨਾਮੀ ਹੋ ਰਹੀ ਹੈ। ਰਾਮਦੇਵ ਨੇ 'ਨਮਾਮਿ ਗੰਗੇ' ਪ੍ਰਾਜੈਕਟ ਦੀ ਸ਼ਲਾਘਾ ਕਰਦੇ ਹੋਏ ਆਸ ਜ਼ਾਹਰ ਕੀਤੀ ਕਿ ਗੰਗਾ ਸਵੱਛ ਹੋਵੇਗੀ। ਉਹ ਦੇਵਰਹਾ ਬਾਬਾ ਦੇ ਸਥਾਨ 'ਤੇ ਵੀ ਗਏ।


DIsha

Content Editor

Related News