CAA : ਚੇਨਈ ''ਚ ਕਾਂਗਰਸ ਵਰਕਰਾਂ ਅਤੇ ਪੁਲਸ ਵਿਚਾਲੇ ਝੜਪ
Tuesday, Dec 31, 2019 - 03:52 PM (IST)

ਚੇਨਈ— ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਵਿਰੁੱਧ ਤਾਮਿਲਨਾਡੂ 'ਚ ਵਿਰੋਧ ਪ੍ਰਦਰਸ਼ਨ ਜਾਰੀ ਹੈ। ਮੰਗਲਵਾਰ ਨੂੰ ਇਕ ਵਾਰ ਫਿਰ ਚੇਨਈ ਅਤੇ ਮਦੁਰੈ 'ਚ ਵੱਡੇ ਪੈਮਾਨੇ 'ਤੇ ਵਿਰੋਧ ਪ੍ਰਦਰਸ਼ਨ ਹੋਇਆ। ਚੇਨਈ 'ਚ ਕਾਂਗਰਸ ਦੀਆਂ ਮਹਿਲਾ ਵਰਕਰਾਂ ਨੇ ਪਾਰਟੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਰੰਗੋਲੀ ਬਣਾ ਕੇ ਉਨ੍ਹਾਂ ਨੇ ਵਿਰੋਧ ਜ਼ਾਹਰ ਕੀਤਾ। ਉੱਥੇ ਹੀ ਪੁਲਸ ਨਾਲ ਕਾਂਗਰਸ ਮਹਿਲਾ ਵਰਕਰਾਂ ਦੀ ਤਿੱਖੀ ਝੜਪ ਵੀ ਦੇਖਣ ਨੂੰ ਮਿਲੀ। ਦੂਜੇ ਪਾਸੇ ਮੁਦਰੈ 'ਚ ਵੱਡੀ ਗਿਣਤੀ 'ਚ ਲੋਕ ਸੜਕ 'ਤੇ ਉਤਰ ਆਏ ਅਤੇ ਆਪਣਾ ਵਿਰੋਧ ਦਰਜ ਕਰਵਾਇਆ।
ਇਸ ਤੋਂ ਪਹਿਲਾਂ ਚੇਨਈ 'ਚ ਸੋਮਵਾਰ ਨੂੰ ਵੀ ਲੋਕਾਂ ਨੇ ਰਚਨਾਤਮਕ ਤਰੀਕਿਆਂ ਨਾਲ ਪ੍ਰਦਰਸ਼ਨ ਕੀਤਾ। ਤਾਮਿਲਨਾਡੂ ਦੀ ਵਿਰੋਧੀ ਪਾਰਟੀ ਦ੍ਰਵਿੜ ਮੁਨੇਤਰ ਕੜਗਮ (ਡੀ.ਐੱਮ.ਕੇ.) ਨਾਅਰੇਬਾਜ਼ੀ, ਤੱਖਤੀਆਂ, ਜੁਲੂਸਾਂ ਅਤੇ ਬੈਠਕਾਂ ਤੋਂ ਬਾਅਦ ਹੁਣ ਵਿਰੋਧ ਰਵਾਇਤੀ ਤਮਿਲ ਕੋਲਮ (ਅਲਪਨਾ) ਦੀ ਵਰਤੋਂ ਕਰ ਰਹੀ ਹੈ। ਆਸਾਨ ਭਾਸ਼ਾ 'ਚ ਇਸ ਨੂੰ ਇਕ ਤਰ੍ਹਾਂ ਦੀ ਰੰਗੋਲੀ ਸਮਝਿਆ ਜਾ ਰਿਹਾ ਹੈ।
ਸੋਮਵਾਰ ਨੂੰ ਡੀ.ਐੱਮ.ਕੇ. ਪ੍ਰਧਾਨ ਐੱਮ.ਕੇ. ਸਟਾਲਿਨ ਅਤੇ ਉਨ੍ਹਾਂ ਦੀ ਭੈਣ ਅਤੇ ਰਾਜ ਸਭਾ ਮੈਂਬਰ ਕੋਨੀਮੋਝੀ ਦੇ ਨਾਲ-ਨਾਲ ਉਨ੍ਹਾਂ ਦੇ ਮਰਹੂਮ ਪਿਤਾ ਐੱਮ. ਕਰੁਣਾਨਿਧੀ ਦੇ ਘਰ ਦੇ ਬਾਹਰ ਕੋਲਮ ਬਣਾਇਆ ਗਿਆ, ਜਿਸ 'ਤੇ ਲਿਖਿਆ ਸੀ, ਸੀ.ਏ.ਏ.-ਐੱਨ.ਆਰ.ਸੀ. ਨਹੀਂ। ਕੋਲਮ ਬਣਾਉਣ 'ਤੇ ਪੁਲਸ ਨੇ 6 ਔਰਤਾਂ ਨੂੰ ਹਿਰਾਸਤ 'ਚ ਲਿਆ ਗਿਆ ਸੀ। ਜਿਨ੍ਹਾਂ ਨੂੰ ਬਾਅਦ 'ਚ ਹਾਅ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਐਤਵਾਰ ਨੂੰ ਵੀ ਲੋਕਾਂ ਨੇ ਕੋਲਮ (ਰੰਗੋਲੀ) ਬਣਾ ਕੇ ਸੀ.ਏ.ਏ. ਦੇ ਵਿਰੋਧ 'ਚ ਹਿੱਸਾ ਲਿਆ।